ਸਾਵਧਾਨੀ ਨਾਲ ਚੋਣ ਕਰੋ!
ਯਿਸੂ ਨੇ ਆਖਿਆ ਕਿ ਵਿਆਹ ਪਰਮੇਸ਼ੁਰ ਦੀ ਬਣਤਰ ਦੇ ਅਨੁਸਾਰ ਜੀਵਨ ਭਰ ਦਾ ਸਮਰਪਣ ਹੈ (ਮੱਤੀ 19:6-8)। ਤੁਸੀਂ ਕਿਸੇ ਨਾਲ ਹੁਣ ਥੋੜ੍ਹੇ ਸਮੇਂ ਦੇ ਲਈ ਵਿਆਹ ਨਹੀਂ ਕਰ ਰਹੇ ਹੋ। ਤੁਸੀਂ ਵਿਆਹ ਦੁਆਰਾ ਕਿਸੇ ਨੂੰ ਤਦ ਤਕ ਲਈ ਆਪਣਾ ਜੀਵਨ ਸਾਥੀ ਬਣਾ ਰਹੇ ਜਦੋਂ ਤਕ ਤੁਹਾਡੇ ਵਿੱਚੋਂ ਕੋਈ ਇੱਕ ਮਰ ਨਹੀਂ ਜਾਂਦਾ (ਰੋਮੀਆਂ 7:2)। ਸਮਝਦਾਰੀ ਨਾਲ ਚੋਣ ਕਰੋ!
ਤੁਸੀਂ ਕੇਵਲ ਚੰਗੇ ਅਤੇ ਅਨੰਦ ਭਰੇ ਸਮਿਆਂ ਦੇ ਵਿੱਚ ਹੀ ਸਾਂਝੀ ਨਹੀਂ ਹੋਵੋਗੇ। ਤੁਸੀਂ ਮੁਸ਼ਕਲਾਂ, ਪਰੇਸ਼ਾਨੀਆਂ, ਸੰਕਟਾਂ, ਅਤੇ ਜੀਵਨ ਦੀਆਂ ਬਿਪਤਾਵਾਂ ਦੇ ਵਿੱਚ ਵੀ ਸਾਂਝੀ ਹੋਵੋਗੇ। ਤੁਹਾਨੂੰ ਨਹੀਂ ਪਤਾ ਕਿ ਤੁਸੀਂ ਕਿਸ ਪ੍ਰਕਾਰ ਦੇ ਦੁੱਖ ਦਾ ਸਾਹਮਣਾ ਕਰੋਗੇ। ਇੱਕ ਚੰਗੇ ਅਤੇ ਈਸ਼ੁਰੀ ਜੀਵਨ ਸਾਥੀ ਨਾਲ ਵਿਆਹੇ ਹੋਣ ਕਾਰਣ ਮੁਸ਼ਕਲ ਸਮਿਆਂ ਵਿੱਚ ਬਹੁਤ ਅਸੀਸਾਂ ਮਿਲਦੀਆਂ ਹਨ। ਪਰ ਬੁਰੇ ਸਮੇਂ ਉਦੋਂ ਬਦਤਰ ਹੋ ਜਾਂਦੇ ਹਨ ਜਦੋਂ ਤੁਹਾਡਾ ਜੀਵਨ ਸਾਥੀ ਪ੍ਰਭੂ ਵਿੱਚ ਮਜ਼ਬੂਤ ਨਹੀਂ ਹੈ। ਤੁਸੀਂ ਆਪਣੇ ਬਾਕੀ ਦੇ ਜੀਵਨ ਲਈ ਕਿਸੇ ਨਾਲ ਵਿਆਹ ਕਰ ਰਹੇ ਹੋ – ਸਾਰੇ ਹਾਲਾਤਾਂ ਦੇ ਲਈ। ਇੱਕ ਜੀਵਨ ਸਾਥੀ ਦੀ ਚੋਣ ਸਾਵਧਾਨੀ ਦੇ ਨਾਲ ਕਰੋ!
[1] ਤੁਸੀਂ ਜਿਸ ਨਾਲ ਵਿਆਹ ਕਰ ਰਹੇ ਹੋ ਉਸ ਨਾਲ ਤੁਸੀਂ ਪਰਿਵਾਰ ਨੂੰ ਵਧਾਉਣਾ ਹੈ। ਤੁਸੀਂ ਆਪਣੇ ਬੱਚਿਆਂ ਲਈ ਮਾਤਾ ਜਾਂ ਪਿਤਾ ਦੀ ਚੋਣ ਕਰ ਰਹੇ ਹੋ ਅਤੇ ਆਪਣੇ ਵੰਸ਼ਜਾਂ ਦੇ ਲਈ ਦਾਦਾ ਜਾਂ ਦਾਦੀ ਦੀ ਚੋਣ ਕਰ ਰਹੇ ਹੋ। ਤੁਸੀਂ ਉਸ ਦੀ ਚੋਣ ਕਰ ਰਹੇ ਹੋ ਜਿਸ ਦਾ ਆਤਮਿਕ ਜੀਵਨ ਤੁਹਾਡੇ ਬੱਚਿਆਂ ਦੇ ਆਤਮਿਕ ਜੀਵਨ ਉੱਤੇ ਵੱਡਾ ਪ੍ਰਭਾਵ ਪਾਵੇਗਾ। ਤੁਸੀਂ ਉਸ ਦੀ ਚੋਣ ਕਰ ਰਹੇ ਹੋ ਜਿਸ ਦੇ ਚਰਿੱਤਰ, ਆਦਤਾਂ ਅਤੇ ਜਿਸ ਦੇ ਵਿਹਾਰਾਂ ਦੀ ਤੁਹਾਡੇ ਬੱਚੇ ਨਕਲ ਕਰਨਗੇ (ਅਫ਼ਸੀਆਂ 5:1)। ਤੁਸੀਂ ਜਿਸ ਦੀ ਚੋਣ ਕਰ ਰਹੇ ਹੋ ਉਹ ਮਿਸਾਲ ਅਤੇ ਬੋਲਣ ਦੇ ਦੁਆਰਾ ਤੁਹਾਡੇ ਬੱਚਿਆਂ ਨੂੰ ਸਿਖਲਾਈ ਦੇਵੇਗਾ (ਕਹਾਉਤਾਂ 23:26)। ਕਿਸੇ ਅਜਿਹੇ ਦੀ ਚੋਣ ਕਰੋ ਜੋ ਤੁਹਾਡੇ ਬੱਚਿਆਂ ਦਾ ਪਾਲਣ-ਪੋਸ਼ਣ ਕਰੇਗਾ ਅਤੇ ਉਨ੍ਹਾਂ ਨੂੰ ਪਿਆਰ ਕਰੇਗਾ, ਜੋ ਉਨ੍ਹਾਂ ਦੀ ਅਗਵਾਈ ਕਰੇਗਾ ਅਤੇ ਚੌਕਸੀ ਅਤੇ ਪਿਆਰ ਨਾਲ ਉਨ੍ਹਾਂ ਨੂੰ ਦਿਲੋਂ ਅਨੁਸ਼ਾਸ਼ਿਤ ਕਰੇਗਾ। ਤੁਸੀਂ ਉਸ ਦੀ ਚੋਣ ਕਰ ਰਹੇ ਹੋ ਜੋ ਪੀੜ੍ਹੀਆਂ ਨੂੰ ਪ੍ਰਭਾਵਿਤ ਕਰੇਗਾ – ਭਲਾਈ ਦੇ ਲਈ ਜਾਂ ਨੁਕਸਾਨ ਦੇ ਲਈ। ਸਮਝਦਾਰੀ ਦੇ ਨਾਲ ਚੋਣ ਕਰੋ!
► ਵਿਦਿਆਰਥੀਆਂ ਨੂੰ ਸਮੂਹ ਲਈ ਕਹਾਉਤਾਂ 14:1, ਕਹਾਉਤਾਂ 24:3-4, ਅਤੇ ਕਹਾਉਤਾਂ 31:10-12, 30 ਨੂੰ ਪੜ੍ਹਨਾ ਚਾਹੀਦਾ ਹੈ।
ਜੀਵਨ ਸਾਥੀ ਦੀ ਚੋਣ ਕਰਨਾ ਤੁਹਾਡਾ ਦੂਸਰਾ ਸਭ ਤੋਂ ਮਹੱਤਵਪੂਰਣ ਫੈਸਲਾ ਹੈ ਜੋ ਤੁਸੀਂ ਕਦੇ ਲਵੋਗੇ; ਪਹਿਲਾ ਫੈਸਲਾ ਯਿਸੂ ਨੂੰ ਆਪਣਾ ਪ੍ਰਭੂ ਅਤੇ ਮੁਕਤੀਦਾਤਾ ਮੰਨਣ ਦਾ ਫੈਸਲਾ ਹੈ। ਤੁਹਾਡੀ ਚੋਣ ਤੁਹਾਡੇ ਜੀਵਨ ਨੂੰ ਬਦਲ ਦੇਵੇਗੀ, ਪਰ ਇਹ ਹੋਰ ਬਹੁਤ ਸਾਰੇ ਲੋਕਾਂ ਨੂੰ ਵੀ ਪ੍ਰਭਾਵਿਤ ਕਰੇਗੀ। ਸਮਝਦਾਰੀ ਨਾਲ ਕੀਤੀ ਗਈ ਇੱਕ ਚੋਣ ਤੁਹਾਨੂੰ ਅਤੇ ਹੋਰ ਬਹੁਤ ਸਾਰੇ ਲੋਕਾਂ ਨੂੰ ਅਸੀਸ ਦੇਵੇਗੀ। ਮੂਰਖਤਾ ਭਰੀ ਇੱਕ ਚੋਣ ਤੁਹਾਨੂੰ ਅਤੇ ਹੋਰ ਬਹੁਤ ਸਾਰੇ ਲੋਕਾਂ ਨੂੰ ਨੁਕਸਾਨ ਪਹੁੰਚਾਵੇਗੀ। ਪ੍ਰਾਰਥਨਾ ਦੇ ਨਾਲ ਚੋਣ ਕਰੋ!
ਸੰਸਾਰ ਦੇ ਵਿੱਚ ਕੋਈ ਵੀ ਸਿੱਧ ਨਹੀਂ ਹੈ। ਤੁਹਾਡੀਆਂ ਆਪਣੀਆਂ ਸਮੱਸਿਆਵਾਂ, ਕਮਜ਼ੋਰੀਆਂ, ਅਤੇ ਅਸਫਲਤਾਵਾਂ ਹਨ। ਤੁਹਾਡਾ ਜੀਵਨ ਸਾਥੀ ਵੀ ਸਿੱਧ ਨਹੀਂ ਹੋਵੇਗਾ ਅਤੇ ਜੀਵਨ ਭਰ ਅਸਿੱਧ ਰਹੇਗਾ। ਇਸ ਲਈ ਇੱਕ ਸਿੱਧ ਜੀਵਨ ਸਾਥੀ ਦੀ ਭਾਲ ਨਾ ਕਰੋ। ਇਸ ਦੇ ਬਜਾਏ, ਅਜਿਹੇ ਜੀਵਨ ਸਾਥੀ ਦੀ ਭਾਲ ਕਰੋ ਜੋ ਬਿਨਾਂ ਬਿਨਾਂ ਸੰਕੋਚ ਪਰਮੇਸ਼ੁਰ ਨੂੰ ਪਿਆਰ ਕਰਦਾ ਹੋਵੇ। ਕਿਸੇ ਅਜਿਹੇ ਵਿਅਕਤੀ ਦੀ ਭਾਲ ਕਰੋ ਜੋ ਐਨਾ ਹਲੀਮ ਹੈ ਕਿ ਉਹ ਆਪਣੀਆਂ ਗਲਤੀਆਂ ਅਤੇ ਕਮੀਆਂ ਨੂੰ ਮੰਨ ਸਕੇ ਅਤੇ ਸੁਧਾਰ ਕਰ ਸਕੇ। ਅਜਿਹਾ ਜੀਵਨ ਸਾਥੀ ਤੁਹਾਡੇ ਲਈ ਇੱਕ ਬਰਕਤ ਹੋਵੇਗਾ, ਅਤੇ ਤੁਸੀਂ ਕਮਜ਼ੋਰੀਆਂ ਦੇ ਖੇਤਰ ਵਿੱਚ ਇੱਕ ਦੂਸਰੇ ਦਾ ਸਾਥ ਦੇ ਸਕਦੇ ਹੋ ਅਤੇ ਇੱਕ ਦੂਸਰੇ ਦੀ ਮਦਦ ਕਰ ਸਕਦੇ ਹੋ।
► ਵਿਦਿਆਰਥੀਆਂ ਨੂੰ ਸਮੂਹ ਲਈ ਕਹਾਉਤਾਂ 11:14, ਕਹਾਉਤਾਂ 12:15, ਕਹਾਉਤਾਂ 13:18, ਅਤੇ ਕਹਾਉਤਾਂ 23:22 ਨੂੰ ਪੜ੍ਹਨਾ ਚਾਹੀਦਾ ਹੈ।
ਸਮਝਦਾਰੀ ਦੇ ਨਾਲ ਚੁਣੋ। ਜੀਵਨ ਭਰ ਲਈ ਚੁਣੋ। ਈਸ਼ੁਰੀ ਲੋਕਾਂ ਅਤੇ ਆਪਣੇ ਮਾਪਿਆਂ ਤੋਂ ਸਲਾਹ ਲਵੋ। ਉਨ੍ਹਾਂ ਦੀਆਂ ਚੇਤਾਵਨੀਆਂ ਨੂੰ ਸੁਣੋ। ਆਪਣੀਆਂ ਖੁਦ ਦੀਆਂ ਭਾਵਨਾਵਾਂ ਨੂੰ ਨਾ ਸੁਣੋ। ਇਹ ਚੋਣ ਕਰਨਾ ਤੁਹਾਡੇ ਲਈ ਬਹੁਤ ਜ਼ਿਆਦਾ ਮਹੱਤਵਪੂਰਣ ਹੈ, ਇਸ ਲਈ ਲਾਪਰਵਾਹ ਨਾ ਬਣੋ।
ਇੱਕ ਅਵਿਸ਼ਵਾਸੀ ਨਾਲ ਵਿਆਹ ਨਾ ਕਰੋ
ਇੱਕ ਗੱਲ ਜੋ ਪਰਮੇਸ਼ੁਰ ਦੇ ਲਈ ਬਹੁਤ ਮਹੱਤਵਪੂਰਣ ਹੈ, ਉਹ ਇਹ ਹੈ ਕਿ ਲੋਕ ਸਾਥੀ ਵਿਸ਼ਵਾਸੀਆਂ ਦੇ ਨਾਲ ਹੀ ਵਿਆਹ ਕਰਨ। ਇਸ ਦਾ ਕਾਰਣ ਹੈ ਕਿ ਪਰਮੇਸ਼ੁਰ ਦੇ ਨਾਲ ਰਿਸ਼ਤਾ ਸਾਰੇ ਜੀਵਨ ਅਤੇ ਸਦੀਪਕਤਾ ਦੇ ਵਿੱਚ ਸਭ ਤੋਂ ਜ਼ਿਆਦਾ ਮਹੱਤਵਪੂਰਣ ਹੈ। ਵਿਆਹ ਮਨੁੱਖੀ ਰਿਸ਼ਤਿਆਂ ਵਿੱਚੋਂ ਸਭ ਤੋਂ ਕਰੀਬੀ ਰਿਸ਼ਤਾ ਹੈ, ਸੋ ਇਹ ਇੱਕ ਵਿਅਕਤੀ ਦੇ ਪਰਮੇਸ਼ੁਰ ਨਾਲ ਰਿਸ਼ਤੇ ਨੂੰ ਪ੍ਰਭਾਵਿਤ ਕਰਦਾ ਹੈ। ਜਦੋਂ ਇੱਕ ਵਿਸ਼ਵਾਸੀ ਦਾ ਜੀਵਨ ਸਾਥੀ ਅਵਿਸ਼ਵਾਸੀ ਹੁੰਦਾ ਹੈ ਤਦ ਉਸ ਵਿਸ਼ਵਾਸੀ ਲਈ ਪਰਮੇਸ਼ੁਰ ਦੇ ਨਾਲ ਨੇੜਤਾ ਅਤੇ ਚੌਕਸੀ ਨਾਲ ਚੱਲਣ ਨੂੰ ਬਣਾਈ ਰੱਖਣਾ ਹੋਰ ਮੁਸ਼ਕਲ ਹੋ ਜਾਂਦਾ ਹੈ।
ਇਸ ਤੋਂ ਅੱਗੇ, ਮਾਤਾ ਜਾਂ ਪਿਤਾ ਦਾ ਅਵਿਸ਼ਵਾਸ ਬੱਚਿਆਂ ਨੂੰ ਮਸੀਹ ਦੇ ਵਿਰੋਧ ਵਿੱਚ ਜਾਣ ਲਈ ਪ੍ਰਭਾਵਿਤ ਕਰਦਾ ਹੈ। ਜਿਨ੍ਹਾਂ ਪਰਿਵਾਰਾਂ ਦੇ ਵਿੱਚ ਮਾਤਾ ਜਾਂ ਪਿਤਾ ਅਵਿਸ਼ਵਾਸੀ ਹੁੰਦੇ ਹਨ, ਉਨ੍ਹਾਂ ਪਰਿਵਾਰਾਂ ਵਿੱਚ ਇਹ ਘੱਟ ਹੀ ਹੁੰਦਾ ਹੈ ਕਿ ਸਾਰੇ ਬੱਚੇ ਪਰਮੇਸ਼ੁਰ ਦੀ ਸੇਵਾ ਕਰਨ। ਪਰਮੇਸ਼ੁਰ ਚਾਹੁੰਦਾ ਹੈ ਕਿ ਅਸੀਂ ਉਸ ਦੀ ਸੇਵਾ ਕਰੀਏ, ਅਤੇ ਪਰਮੇਸ਼ੁਰ ਚਾਹੁੰਦਾ ਹੈ ਕਿ ਅਸੀਂ ਆਪਣੇ ਬੱਚਿਆਂ ਦੀ ਅਜਿਹੀ ਪਰਵਰਿਸ਼ ਕਰੀਏ ਤਾਂ ਜੋ ਉਹ ਉਸ ਦੀ ਸੇਵਾ ਕਰਨ। (ਉਤਪਤ 18:19; ਬਿਵਸਥਾ ਸਾਰ 6:2, 7; ਮਲਾਕੀ 2:15)।
ਪੁਰਾਣੇ ਨੇਮ ਵਿੱਚ, ਇਸਰਾਏਲੀਆਂ ਨੂੰ ਵਿਸ਼ਵਾਸ ਦੇ ਪਰਿਵਾਰ ਤੋਂ ਬਾਹਰ ਕਿਸੇ ਨਾਲ ਵਿਆਹ ਕਰਾਉਣ ਦੀ ਅਨੁਮਤੀ ਨਹੀਂ ਸੀ।[2] ਪਰਮੇਸ਼ੁਰ ਜਾਣਦਾ ਸੀ ਕਿ ਅਵਿਸ਼ਵਾਸੀਆਂ ਦੇ ਨਾਲ ਵਿਆਹ ਕਰਨਾ ਲੋਕਾਂ ਨੂੰ ਹੋਰ ਦੇਵਤਿਆਂ ਦੀ ਪੂਜਾ ਕਰਨ ਵੱਲ ਲੈ ਜਾਵੇਗਾ ਅਤੇ ਇੱਕੋ ਸੱਚੇ ਪਰਮੇਸ਼ੁਰ ਦੇ ਨਾਲ ਉਨ੍ਹਾਂ ਦੇ ਰਿਸ਼ਤੇ ਨੂੰ ਬਰਬਾਦ ਕਰ ਦੇਵੇਗਾ! ਪੁਰਾਣਾ ਨੇਮ ਸਾਨੂੰ ਪੂਰੀ ਤਰ੍ਹਾਂ ਉਹੋ ਵਿਖਾਉਂਦਾ ਹੈ ਜੋ ਇਸਰਾਏਲ ਦੇ ਵਿੱਚ ਹੋਇਆ ਸੀ।[3]
ਅੱਜ ਵੀ, ਵਿਸ਼ਵਾਸੀਆਂ ਨੂੰ ਵਿਸ਼ਵਾਸੀਆਂ ਦੇ ਨਾਲ ਹੀ ਵਿਆਹ ਕਰਨਾ ਚਾਹੀਦਾ ਹੈ। ਇਸ ਬਾਰੇ ਸਮਝੌਤਾ ਨਾ ਕਰੋ। ਇੱਕ ਅਵਿਸ਼ਵਾਸੀ ਦੇ ਨਾਲ ਇੱਕ ਰੋਮਾਂਟਿਕ ਰਿਸ਼ਤਾ ਨਾ ਰੱਖੋ।
► ਵਿਦਿਆਰਥੀਆਂ ਨੂੰ ਸਮੂਹ ਲਈ 2 ਕੁਰਿੰਥੀਆਂ 6:14-18 ਅਤੇ 1 ਕੁਰਿੰਥੀਆਂ 7:39 ਨੂੰ ਪੜ੍ਹਨਾ ਚਾਹੀਦਾ ਹੈ।
ਜਦੋਂ ਤੁਹਾਡਾ ਜੀਵਨ ਸਾਥੀ ਵਿਸ਼ਵਾਸੀ ਨਹੀਂ ਹੈ
ਪਰਮੇਸ਼ੁਰ ਨਹੀਂ ਚਾਹੁੰਦਾ ਕਿ ਇੱਕ ਅਣਵਿਆਹਿਆ ਵਿਸ਼ਵਾਸੀ ਇੱਕ ਅਵਿਸ਼ਵਾਸੀ ਦੇ ਨਾਲ ਵਿਆਹ ਕਰੇ। ਇਹ ਪੱਕਾ ਹੈ। ਪਰ ਜਦੋਂ ਇੱਕ ਅਵਿਸ਼ਵਾਸੀ ਪਰਿਵਾਰ ਵਿੱਚੋਂ ਇੱਕ ਜੀਵਨ ਸਾਥੀ ਮੁਕਤੀ ਲਈ ਮਸੀਹ ਦੇ ਕੋਲ ਆਉਂਦਾ ਹੈ, ਉਸ ਨੂੰ ਆਪਣੇ ਅਵਿਸ਼ਵਾਸੀ ਜੀਵਨ ਸਾਥੀ ਦੇ ਨਾਲ ਆਪਣਾ ਵਿਆਹੁਤਾ ਰਿਸ਼ਤਾ ਬਣਾਈ ਰੱਖਣਾ ਚਾਹੀਦਾ ਹੈ, ਜੇ ਅਵਿਸ਼ਵਾਸੀ ਜੀਵਨ ਸਾਥੀ ਉਸ ਨਾਲ ਰਹਿਣ ਤੋਂ ਇਨਕਾਰ ਨਹੀਂ ਕਰਦਾ (1 ਕੁਰਿੰਥੀਆਂ 7:12-16)। ਕੁਝ ਮਸਲਿਆਂ ਵਿੱਚ, ਇੱਕ ਅਵਿਸ਼ਵਾਸੀ ਜੀਵਨ ਸਾਥੀ ਆਪਣੇ ਮਸੀਹੀ ਜੀਵਨ ਸਾਥੀ ਦੇ ਵਿਸ਼ਵਾਸ ਦੇ ਕਾਰਣ ਮੁਕਤੀ ਲਈ ਜਿੱਤਿਆ ਜਾਂਦਾ ਹੈ (1 ਕੁਰਿੰਥੀਆਂ 7:14, 16; 1 ਪਤਰਸ 3:1-2)। ਪਰ ਮਸੀਹੀ ਕੁਆਰਿਆਂ ਨੂੰ ਕਿਸੇ ਅਜਿਹੇ ਨਾਲ ਵਿਆਹ ਕਰਾਉਣ ਬਾਰੇ ਸੋਚਣਾ ਵੀ ਨਹੀਂ ਚਾਹੀਦਾ ਜੋ ਵਿਸ਼ਵਾਸੀ ਨਹੀਂ ਹੈ।
ਸੰਭਾਵੀ ਜੀਵਨ ਸਾਥੀ ਵਿੱਚ ਕਿਹੜੇ ਗੁਣ ਵੇਖਣੇ ਚਾਹੀਦੇ ਹਨ
ਵਿਆਹ ਲਈ ਤਿਆਰੀ ਦੇ ਦੌਰਾਨ, ਲੋਕਾਂ ਨੂੰ ਚਰਿੱਤਰ ਦੇ ਉਨ੍ਹਾਂ ਗੁਣਾਂ ਨੂੰ ਵਿਕਸਤ ਕਰਨਾ ਚਾਹੀਦਾ ਹੈ ਜੋ ਉਨ੍ਹਾਂ ਦੀ ਇੱਕ ਚੰਗਾ ਜੀਵਨ ਸਾਥੀ ਬਣਨ ਵਿੱਚ ਮਦਦ ਕਰਨਗੇ। ਜਦੋਂ ਉਹ ਵਿਆਹ ਕਰਾਉਣ ਲਈ ਕਿਸੇ ਦੀ ਭਾਲ ਵਿੱਚ ਹਨ, ਉਨ੍ਹਾਂ ਨੂੰ ਕਿਸੇ ਅਜਿਹੇ ਦੀ ਭਾਲ ਕਰਨੀ ਚਾਹੀਦੀ ਹੈ ਜੋ ਚਰਿੱਤਰ ਦੇ ਇਨ੍ਹਾਂ ਗੁਣਾਂ ਵਿੱਚ ਹੀ ਵਧ ਰਿਹਾ ਹੋਵੇ।
[4] 1. ਕਿਸੇ ਅਜਿਹੇ ਵਿਅਕਤੀ ਨਾਲ ਵਿਆਹ ਕਰੋ ਜਿਸ ਦਾ ਮਸੀਹ ਨਾਲ ਰਿਸ਼ਤਾ, ਤੁਹਾਡੇ ਮਸੀਹ ਨਾਲ ਰਿਸ਼ਤੇ ਵਿੱਚ ਤੁਹਾਨੂੰ ਉਤਸ਼ਾਹਿਤ ਕਰੇਗਾ ਅਤੇ ਤੁਹਾਡੇ ਆਤਮਿਕ ਵਾਧੇ ਦਾ ਕਾਰਣ ਬਣੇਗਾ (2 ਪਤਰਸ 1:5-9, 2 ਪਤਰਸ 3:18)।
2. ਕਿਸੇ ਅਜਿਹੇ ਨਾਲ ਵਿਆਹ ਕਰੋ ਜਿਸ ਦਾ ਚਰਿੱਤਰ ਚੰਗਾ ਹੈ। ਅਫ਼ਸੀਆਂ 5:33 ਪਤਨੀਆਂ ਨੂੰ ਹੁਕਮ ਦਿੰਦੀ ਹੈ ਕਿ ਉਹ ਆਪਣੇ ਪਤੀਆਂ ਦੇ ਚਰਿੱਤਰ ਦੀ ਪਰਵਾਹ ਕੀਤੇ ਬਿਨਾਂ ਉਨ੍ਹਾਂ ਦਾ ਆਦਰ ਕਰਨ, ਪਰ ਇਹ ਤਦ ਬਹੁਤ ਸੌਖਾ ਹੋ ਜਾਂਦਾ ਹੈ ਜਦੋਂ ਉਹ ਆਦਰ ਦੇ ਯੋਗ ਪੁਰਸ਼ਾਂ ਦੇ ਨਾਲ ਵਿਆਹੀਆਂ ਹੁੰਦੀਆਂ ਹਨ। ਚੰਗੇ ਚਰਿੱਤਰ ਵਿੱਚ ਇਸ ਤਰ੍ਹਾਂ ਦੇ ਵਿਹਾਰ ਸ਼ਾਮਲ ਹਨ ਜਿਵੇਂ ਕਿ ਮਾਫ਼ੀ ਦੇਣਾ, ਸੰਜਮ ਰੱਖਣਾ, ਹਲੀਮ ਹੋਣਾ, ਮਿਹਨਤੀ ਅਤੇ ਜ਼ਿੰਮੇਵਾਰ ਹੋਣਾ, ਅਤੇ ਇੱਕ ਸਿਖਾਉਣ ਯੋਗ ਆਤਮਾ ਦਾ ਹੋਣਾ। ਜਿਸ ਵਿਅਕਤੀ ਨਾਲ ਤੁਸੀਂ ਵਿਆਹ ਕਰਦੇ ਹੋਏ ਸਿੱਧ ਨਹੀਂ ਹੋਵੇਗਾ ਪਰ ਉਸ ਨੂੰ ਇਨ੍ਹਾਂ ਵਿਹਾਰਾਂ ਦੇ ਵਿੱਚ ਵਧਣਾ ਚਾਹੀਦਾ ਹੈ।
ਕਲੀਸਿਯਾ ਦੇ ਆਗੂਆਂ ਅਤੇ ਉਨ੍ਹਾਂ ਦੀਆਂ ਪਤਨੀਆਂ ਦੇ ਲਈ ਪਰਮੇਸ਼ੁਰ ਦੇ ਮਿਆਰ ਉੱਚੇ ਹਨ (1 ਤਿਮੋਥਿਉਸ 3:2-4, 8-9, 11-12; ਤੀਤੁਸ 1:6-8)। ਜੇ ਕਲੀਸਿਯਾ ਦਾ ਆਗੂ ਇੱਕ ਬੁਰੇ ਚਰਿੱਤਰ ਵਾਲੇ ਜੀਵਨ ਸਾਥੀ ਨਾਲ ਵਿਆਹਿਆ ਹੋਇਆ ਹੈ, ਤਾਂ ਸੇਵਕਾਈ ਦੇ ਵਿੱਚ ਵੱਡੀ ਰੁਕਾਵਟ ਆਵੇਗੀ।
3. ਅਜਿਹੇ ਵਿਅਕਤੀ ਨਾਲ ਵਿਆਹ ਕਰੋ ਜੋ ਸ਼ੁੱਧ ਅਤੇ ਚੰਗੇ ਵਿਹਾਰ ਲਈ ਆਪਣੀ ਸ਼ਾਖ ਨੂੰ ਬਣਾ ਰਿਹਾ ਹੈ (1 ਤਿਮੋਥਿਉਸ 2:9-10, 1 ਤਿਮੋਥਿਉਸ 3:7, 2 ਤਿਮੋਥਿਉਸ 2:19, ਤੀਤੁਸ 1:15, ਤੀਤੁਸ 2:4-5)।
4. ਅਜਿਹੇ ਵਿਅਕਤੀ ਨਾਲ ਵਿਆਹ ਕਰੋ ਜੋ ਬਾਈਬਲ ਦੇ ਅਨੁਸਾਰ ਸੋਚਣਾ ਸਿੱਖ ਰਿਹਾ ਹੈ (ਜ਼ਬੂਰ 119:66)। ਜਦੋਂ ਪਰਤਾਵੇ, ਡਰ, ਇੱਕ ਗਲਤ ਰਵੱਈਏ ਜਾਂ ਗਲਤ ਪ੍ਰੇਰਣਾ ਦੇ ਨਾਲ ਸਾਹਮਣਾ ਹੁੰਦਾ ਹੈ, ਤਾਂ ਉਹ ਪਰਮੇਸ਼ੁਰ ਦੇ ਵਚਨ ਨੂੰ ਯਾਦ ਰੱਖਣਾ, ਵਿਸ਼ਵਾਸ ਕਰਨਾ, ਅਤੇ ਵਚਨ ਦੀ ਪਾਲਣਾ ਕਰਨਾ ਸਿੱਖ ਰਹੇ ਹਨ (ਕਹਾਉਤਾਂ 4:4-6, ਯਹੋਸ਼ੁਆ 1:7-8)। ਜਦੋਂ ਲੋੜ, ਖਤਰੇ, ਬਿਪਤਾ, ਜਾਂ ਕਿਸੇ ਪ੍ਰਕਾਰ ਦੀ ਸਮੱਸਿਆ ਦੇ ਨਾਲ ਸਾਹਮਣਾ ਹੁੰਦਾ ਹੈ, ਤਾਂ ਉਹ ਪਰਮੇਸ਼ੁਰ ਉੱਤੇ ਕੇਂਦਰਿਤ ਰਹਿਣਾ ਸਿੱਖ ਰਹੇ ਹਨ ਅਤੇ ਉਸ ਮਦਦ ਨੂੰ ਉਸ ਦੇ ਵਚਨ ਵਿੱਚ ਪਾਉਂਦੇ ਹਨ ਜਿਸ ਦੀ ਉਨ੍ਹਾਂ ਨੂੰ ਲੋੜ ਹੈ (ਜ਼ਬੂਰ 119:50, 92, 114)।
5. ਅਜਿਹੇ ਵਿਅਕਤੀ ਨਾਲ ਵਿਆਹ ਕਰੋ ਜੋ ਤੁਹਾਡੇ ਬੱਚਿਆਂ ਲਈ ਚੰਗਾ ਪਿਤਾ ਬਣੇਗਾ ਜਾਂ ਚੰਗੀ ਮਾਂ ਬਣੇਗੀ: ਕੋਈ ਅਜਿਹਾ ਜੋ ਉਨ੍ਹਾਂ ਨੂੰ ਪਰਮੇਸ਼ੁਰ ਦੇ ਰਾਹ ਸਿਖਾਵੇਗਾ ਅਤੇ ਉਨ੍ਹਾਂ ਦੇ ਸਾਹਮਣੇ ਇਕਸਾਰ ਮਸੀਹੀ ਜੀਵਨ ਬਿਤਾਵੇਗਾ (ਕਹਾਉਤਾਂ 6:20-23, ਅਫ਼ਸੀਆਂ 6:4, 2 ਤਿਮੋਥਿਉਸ 1:5, 2 ਤਿਮੋਥਿਉਸ 3:14-15)।
6. ਅਜਿਹੇ ਵਿਅਕਤੀ ਨਾਲ ਵਿਆਹ ਕਰੋ ਜਿਸ ਨੇ ਈਸ਼ੁਰੀ ਮਿੱਤਰਾਂ ਅਤੇ ਗੁਰੂਆਂ ਤੋਂ ਪ੍ਰਭਾਵਿਤ ਹੋਣ ਦੀ ਚੋਣ ਕੀਤੀ ਹੈ (ਜ਼ਬੂਰ 119:63, 2 ਤਿਮੋਥਿਉਸ 2:22)।
7. ਅਜਿਹੇ ਵਿਅਕਤੀ ਨਾਲ ਵਿਆਹ ਕਰੋ ਜੋ ਅਧਿਕਾਰ ਦੇ ਅਧੀਨ ਹੈ। ਇੱਕ ਪੁਰਸ਼ ਅਜਿਹੀ ਪਤਨੀ ਨੂੰ ਭਾਲਣ ਲਈ ਸਮਝਦਾਰ ਹੈ ਜੋ ਉਸ ਦੇ ਅਧੀਨ ਰਹਿੰਦੀ ਹੈ (ਅਫ਼ਸੀਆਂ 5:22)। ਇਸੇ ਤਰ੍ਹਾਂ ਹੀ ਇੱਕ ਔਰਤ ਨੂੰ ਅਜਿਹੇ ਵਿਅਕਤੀ ਦੇ ਨਾਲ ਵਿਆਹ ਕਰਨਾ ਚਾਹੀਦਾ ਹੈ ਜੋ ਪਰਮੇਸ਼ੁਰ ਦੇ ਅਧੀਨ ਹੈ ਅਤੇ ਉਨ੍ਹਾਂ ਦੇ ਅਧੀਨ ਹੈ ਜਿਨ੍ਹਾਂ ਨੂੰ ਪਰਮੇਸ਼ੁਰ ਨੇ ਕਲੀਸਿਯਾ, ਉਸ ਦੀ ਨੌਕਰੀ, ਸਰਕਾਰ ਵਿੱਚ ਉਸ ਉੱਤੇ ਅਧਿਕਾਰੀ ਠਹਿਰਾਇਆ ਹੈ (ਰੋਮੀਆਂ 13:1, ਅਫ਼ਸੀਆਂ 6:5-8, ਇਬਰਾਨੀਆਂ 13:17, 1 ਪਤਰਸ 5:5)। ਜਦੋਂ ਉਸ ਦਾ ਪਤੀ ਪਰਮੇਸ਼ੁਰ ਦੇ ਅਧੀਨ ਹੁੰਦਾ ਹੈ, ਤਾਂ ਉਸ ਦੀ ਰੱਖਿਆ ਹੋਵੇਗੀ ਅਤੇ ਉਹ ਧੰਨ ਹੋਵੇਗੀ।
► ਚਰਿੱਤਰ ਦੇ ਉੱਪਰ ਦਿੱਤੇ ਗੁਣਾਂ ਵਿੱਚੋਂ, ਕਿਹੜਾ ਤੁਹਾਨੂੰ ਸਭ ਤੋਂ ਜ਼ਿਆਦਾ ਮਹੱਤਵਪੂਰਣ ਲੱਗਦਾ ਹੈ? ਕਿਹੜੀਆਂ ਉਦਾਹਰਣਾਂ ਤੁਸੀਂ ਵੇਖੀਆਂ ਹਨ ਜੋ ਚਰਿੱਤਰ ਦੇ ਇਨ੍ਹਾਂ ਗੁਣਾਂ ਦੇ ਮਹੱਤਵ ਨੂੰ ਵਿਖਾਉਂਦੀਆਂ ਹਨ?
[1]
“ਤੁਸੀਂ ਆਪਣੇ ਪਰਿਵਾਰ ਵਿੱਚ ਜਨਮ ਲੈਣ ਦੀ ਚੋਣ ਨਹੀਂ ਕੀਤੀ ਸੀ; ਪਰ ਤੁਸੀਂ ਚੋਣ ਕਰਦੇ ਹੋ ਕਿ ਤੁਸੀਂ ਆਪਣਾ ਅਗਲਾ ਪਰਿਵਾਰ ਬਣਾਉਣ ਲਈ ਕਿਸ ਨਾਲ ਵਿਆਹ ਕਰੋਗੇ।”
- ਗੈਰੀ ਥੋਮਸ
ਦਾ ਸੇਕਰਡ ਸਰਚ
[2] ਕੂਚ 34:11-16, ਬਿਵਸਥਾ ਸਾਰ 7:1-6, ਯਹੋਸ਼ੁਆ 23:11-13, Ezra 9-10
[3] ਨਿਆਈਂਆਂ 3:5-7, 1 ਰਾਜਿਆਂ 11:1-6, ਅਜ਼ਰਾ 9:10-15
[4]
ਇੱਕ ਪੁਰਸ਼ ਅਤੇ ਇਸਤਰੀ ਨੂੰ ਤਦ ਤਕ ਇੱਕ ਦੂਸਰੇ ਨਾਲ ਵਿਆਹ ਲਈ ਸਮਰਪਿਤ ਨਹੀਂ ਹੋਣਾ ਚਾਹੀਦਾ ਜਦੋਂ ਤਕ ਉਹ ਇੱਕ ਦੂਸਰੇ ਨੂੰ ਇਹ ਨਹੀਂ ਆਖ ਸਕਦੇ, “ਤੁਹਾਡੇ ਨਾਲ ਵਿਆਹ ਕਰਕੇ ਮੈਂ ਕੁਆਰੇ ਰਹਿਣ ਨਾਲੋਂ ਬਿਹਤਰ ਢੰਗ ਨਾਲ ਪਰਮੇਸ਼ੁਰ ਦੀ ਸੇਵਾ ਕਰ ਸਕਦਾ ਹਾਂ ਜਾਂ ਸਕਦੀ ਹਾਂ।”
Previous
Next