ਬਾਈਬਲ ਸਾਨੂੰ ਦੱਸਦੀ ਹੈ ਕਿ, “ਬਾਲਕ ਦੇ ਮਨ ਵਿੱਚ ਮੂਰਖਤਾਈ ਬੱਧੀ ਹੋਈ ਹੁੰਦੀ ਹੈ...” (ਕਹਾਉਤਾਂ 22:15)। ਜ਼ਬੂਰਾਂ ਦਾ ਲਿਖਾਰੀ ਆਖਦਾ ਹੈ ਕਿ ਬੱਚੇ ਝੂਠ ਬੋਲਦੇ ਹੋਏ ਪੈਦਾ ਹੁੰਦੇ ਹਨ, “...ਓਹ ਜੰਮਦੇ ਸਾਰ ਹੀ ਝੂਠ ਬੋਲ ਬੋਲ ਕੇ ਭਟਕ ਜਾਂਦੇ ਹਨ।” (ਜ਼ਬੂਰ 58:3)। ਕਿਉਂਕਿ ਇਹ ਸੱਚ ਹੈ, ਮਾਪੇ ਆਪਣੇ ਬੱਚਿਆਂ ਨੂੰ ਸੁਧਾਰਨ ਲਈ ਜ਼ਿੰਮੇਵਾਰ ਹਨ।
ਕਲਪਨਾ ਕਰੋ ਕਿ ਤੁਸੀਂ ਇੱਕ 3 ਸਾਲ ਦੇ ਬੱਚੇ ਨੂੰ ਪੇਸ਼ਕਸ਼ ਦਿੰਦੇ ਹੋ ਕਿ ਉਹ ਹੁਣੇ ਇੱਕ ਟੁਕੜਾ ਕੈਂਡੀ ਖਾਵੇ ਜਾਂ ਹੁਣ ਤੋਂ ਇੱਕ ਹਫ਼ਤੇ ਬਾਅਦ ਇੱਕ ਕਟੋਰਾ ਕੈਂਡੀ ਖਾਵੇ। ਭਾਵੇਂ ਇੱਕ ਮਾਂ ਜਾਂ ਪਿਓ ਬੱਚੇ ਨੂੰ ਵਿਕਲਪ ਸਮਝਾ ਦੇਵੇ, ਜ਼ਿਆਦਾਤਰ ਬੱਚੇ ਤੁਰੰਤ ਕੈਂਡੀ ਦਾ ਇੱਕ ਟੁਕੜਾ ਖਾਣ ਦੀ ਚੋਣ ਕਰਨਗੇ। ਇਹ ਦ੍ਰਿਸ਼ਟਾਂਤ ਸਾਨੂੰ ਦੱਸਦਾ ਹੈ ਕਿ ਬੱਚੇ ਦੇ ਦੁਰਵਿਹਾਰ ਨੂੰ ਠੀਕ ਕਰਨ ਲਈ ਸਮਝਾਉਣਾ ਕਾਫ਼ੀ ਨਹੀਂ ਹੈ।
ਸਹੀ ਅਤੇ ਗਲਤ ਬਾਰੇ ਸਮਝਾਉਣਾ ਬੱਚੇ ਨੂੰ ਸੁਧਾਰਨ ਲਈ ਕਾਫ਼ੀ ਨਹੀਂ ਹੈ, ਕਿਉਂਕਿ
1. ਇੱਕ ਬੱਚਾ ਪਰਿਪੱਕ ਤਰਕ ਨੂੰ ਨਹੀਂ ਸਮਝ ਸਕਦਾ (1 ਕੁਰਿੰਥੀਆਂ 13:11)।
2. ਇੱਕ ਬੱਚਾ ਆਪਣੇ ਕੰਮਾਂ ਦੇ ਪੂਰੇ ਅਤੇ ਲੰਬੇ ਸਮੇਂ ਦੇ ਨਤੀਜੇ ਨਹੀਂ ਵੇਖ ਸਕਦਾ।
3. ਇੱਕ ਬੱਚਾ ਇੰਨਾ ਸਿਆਣਾ ਨਹੀਂ ਹੁੰਦਾ ਕਿ ਉਹ ਆਪਣੀਆਂ ਭਾਵਨਾਵਾਂ ਅਤੇ ਇੱਛਾਵਾਂ ਨੂੰ ਤਰਕ ਨਾਲ ਕਾਬੂ ਕਰ ਸਕੇ।
ਹੋ ਸਕਦਾ ਹੈ ਕਿ ਬੱਚੇ ਨੂੰ ਸਰੀਰਕ ਦਰਦ ਦੇਣਾ ਬੇਰਹਿਮ ਜਾਪਦਾ ਹੋਵੇ, ਪਰ ਇੱਕ ਪਿਆਰ ਕਰਨ ਵਾਲਾ ਮਾਂ ਜਾਂ ਪਿਓ ਇਸ ਲਈ ਕਰਦਾ ਹੈ ਕਿ ਬੱਚੇ ਨੂੰ ਹੋਰ ਨੁਕਸਾਨ ਤੋਂ ਬਚਾਇਆ ਜਾ ਸਕੇ: “ਜਿਹੜਾ ਪੁੱਤ੍ਰ ਉੱਤੇ ਛੂਛਕ ਨਹੀਂ ਚਲਾਉਂਦਾ ਉਹ ਉਸ ਦਾ ਵੈਰੀ ਹੈ, ਪਰ ਜਿਹੜਾ ਉਸ ਦੇ ਨਾਲ ਪਿਆਰ ਕਰਦਾ ਹੈ ਉਹ ਵੇਲੇ ਸਿਰ ਉਸ ਨੂੰ ਤਾੜਦਾ ਹੈ।" (ਕਹਾਉਤਾਂ 13:24)। ਉਦਾਹਰਣ ਵਜੋਂ, ਇੱਕ ਛੋਟਾ ਬੱਚਾ ਜੋ ਅੱਗ ਦੇ ਨੇੜੇ ਖੇਡਦਾ ਹੈ ਉਹ ਇਸ ਵਿੱਚ ਡਿੱਗ ਸਕਦਾ ਹੈ ਅਤੇ ਬਹੁਤ ਜ਼ਿਆਦਾ ਸੱਟ ਲੱਗ ਸਕਦੀ ਹੈ ਕਿਉਂਕਿ ਉਹ ਖ਼ਤਰੇ ਨੂੰ ਨਹੀਂ ਸਮਝਦਾ। ਪਰ ਜੇਕਰ ਉਸ ਦੀ ਮਾਂ ਉਸ ਨੂੰ ਮਾਰਦੀ ਹੈ ਜਦੋਂ ਉਹ ਅੱਗ ਦੇ ਬਹੁਤ ਨੇੜੇ ਜਾਂਦਾ ਹੈ, ਤਾਂ ਛੋਟਾ ਦਰਦ ਵੱਡੇ ਦਰਦ ਤੋਂ ਬਚਾਉਂਦਾ ਹੈ।
ਕੁਝ ਲੋਕਾਂ ਨੇ ਉਨ੍ਹਾਂ ਲੋਕਾਂ ਤੋਂ ਸਰੀਰਕ ਸ਼ੋਸ਼ਣ ਦਾ ਅਨੁਭਵ ਕੀਤਾ ਹੈ ਜੋ ਉਨ੍ਹਾਂ ਨੂੰ ਪਿਆਰ ਨਹੀਂ ਕਰਦੇ ਸਨ। ਉਨ੍ਹਾਂ ਦਾ ਅਨੁਭਵ, ਉਨ੍ਹਾਂ ਨੂੰ ਅਜਿਹਾ ਬਣਾ ਦਿੰਦਾ ਹੈ ਕਿ ਉਹ ਇੱਕ ਬੱਚੇ ਨੂੰ ਸਰੀਰਕ ਤੌਰ 'ਤੇ ਸਜ਼ਾ ਦੇਣ ਵਾਲੇ ਕਿਸੇ ਵਿਅਕਤੀ ਬਾਰੇ ਸੋਚਣ ਤੋਂ ਵੀ ਨਫ਼ਰਤ ਕਰਦੇ ਹਨ। ਹਾਲਾਂਕਿ, ਇੱਕ ਮਾਂ ਜਾਂ ਪਿਓ ਜੋ ਸਹੀ ਸੁਧਾਰ ਨੂੰ ਨਜ਼ਰਅੰਦਾਜ਼ ਕਰਦੇ ਹਨ, ਇਹ ਬਾਅਦ ਵਿੱਚ ਉਸ ਦੇ ਬੱਚੇ ਲਈ ਬਹੁਤ ਪਰੇਸ਼ਾਨੀ ਦਾ ਕਾਰਨ ਬਣਦਾ ਹੈ।
► ਵਿਦਿਆਰਥੀਆਂ ਨੂੰ ਸਮੂਹ ਲਈ ਕਹਾਉਤਾਂ 19:18 ਅਤੇ ਕਹਾਉਤਾਂ 29:17 ਨੂੰ ਪੜ੍ਹਨਾ ਚਾਹੀਦਾ ਹੈ।
ਸੁਧਾਰ ਉਦੋਂ ਸ਼ੁਰੂ ਹੋਣਾ ਚਾਹੀਦਾ ਹੈ ਜਦੋਂ ਬੱਚਾ ਇਹ ਸਮਝਣ ਲਈ ਕਾਫ਼ੀ ਵੱਡਾ ਹੋ ਜਾਂਦਾ ਹੈ ਕਿ ਉਹ ਆਪਣੇ ਮਾਪਿਆਂ ਦਾ ਵਿਰੋਧ ਕਰ ਰਿਹਾ ਹੈ। ਇੱਕ ਬਹੁਤ ਛੋਟਾ ਬੱਚਾ ਵੀ ਜਾਣਦਾ ਹੈ ਕਿ ਉਹ ਕਦੋਂ ਸਹਿਯੋਗ ਕਰਨ ਤੋਂ ਇਨਕਾਰ ਕਰ ਰਿਹਾ ਹੈ।
ਜ਼ਿਆਦਾਤਰ ਸੁਧਾਰ ਉਦੋਂ ਹੀ ਕੀਤਾ ਜਾਣਾ ਚਾਹੀਦਾ ਹੈ ਜਦੋਂ ਬੱਚਾ ਛੋਟਾ ਅਤੇ ਕੋਮਲ ਹੈ (ਕਹਾਉਤਾਂ 22:15)। ਜਿਵੇਂ ਮਿੱਟੀ ਸਮੇਂ ਦੇ ਨਾਲ ਸਖ਼ਤ ਹੋ ਜਾਂਦੀ ਹੈ ਅਤੇ ਉਸ ਨੂੰ ਲੋੜੀਂਦੇ ਰੂਪ ਵਿੱਚ ਢਾਲਣਾ ਮੁਸ਼ਕਲ ਹੋ ਜਾਂਦਾ ਹੈ, ਉਸੇ ਤਰ੍ਹਾਂ ਸਮੇਂ ਦੇ ਬੀਤਣ ਨਾਲ ਬੱਚੇ ਦੇ ਚਰਿੱਤਰ ਨੂੰ ਬਣਾਉਣਾ ਮੁਸ਼ਕਲ ਹੋ ਜਾਂਦਾ ਹੈ। ਜੇਕਰ ਕੋਈ ਬੱਚਾ 10 ਸਾਲ ਦੀ ਉਮਰ ਤੋਂ ਬਾਅਦ ਲਗਾਤਾਰ ਆਪਣੇ ਮਾਪਿਆਂ ਦੀ ਅਣਆਗਿਆਕਾਰੀ ਕਰ ਰਿਹਾ ਹੈ, ਤਾਂ ਮਾਪੇ ਉਸ ਨੂੰ ਸੁਧਾਰਨ ਵਿੱਚ ਸਫਲ ਨਹੀਂ ਹੋ ਰਹੇ ਹਨ, ਅਤੇ ਉਨ੍ਹਾਂ ਦੀ ਅੰਤਮ ਸਫਲਤਾ ਦੀਆਂ ਸੰਭਾਵਨਾਵਾਂ ਬਹੁਤ ਘੱਟ ਹੁੰਦੀਆਂ ਜਾ ਰਹੀਆਂ ਹਨ। ਜਿਵੇਂ-ਜਿਵੇਂ ਬੱਚਾ ਵੱਡਾ ਹੁੰਦਾ ਜਾਂਦਾ ਹੈ, ਸਰੀਰਕ ਤਾੜਨਾ ਘੱਟ ਅਤੇ ਘੱਟ ਪ੍ਰਭਾਵਸ਼ਾਲੀ ਹੁੰਦੀ ਜਾਂਦੀ ਹੈ। ਮਾਪਿਆਂ ਲਈ ਇਹ ਸੋਚਣਾ ਇੱਕ ਗਲਤੀ ਹੈ ਕਿ ਜਦੋਂ ਬੱਚਾ ਵੱਡਾ ਹੁੰਦਾ ਹੈ ਤਾਂ ਸੁਧਾਰ ਆਸਾਨ ਹੋਵੇਗਾ; ਇਹ ਹੋਰ ਵੀ ਮੁਸ਼ਕਲ ਹੋਵੇਗਾ ਅਤੇ ਅੰਤ ਵਿੱਚ ਅਸੰਭਵ ਹੋ ਜਾਵੇਗਾ।
ਜਿਵੇਂ-ਜਿਵੇਂ ਇੱਕ ਬੱਚਾ ਜਵਾਨ ਹੁੰਦਾ ਜਾਂਦਾ ਹੈ, ਉਸ ਨੂੰ ਹੁਣ ਸਰੀਰਕ ਤੌਰ 'ਤੇ ਤਾੜਿਆ ਨਹੀਂ ਜਾ ਸਕਦਾ ਜਿਵੇਂ ਕਿ ਇੱਕ ਬੱਚੇ ਨੂੰ ਤਾੜਿਆ ਜਾ ਸਕਦਾ ਹੈ। ਇੱਕ ਨੌਜਵਾਨ ਆਦਮੀ ਜਾਂ ਔਰਤ ਨੂੰ ਆਦਰ ਦੀ ਲੋੜ ਹੁੰਦੀ ਹੈ ਭਾਵੇਂ ਉਹ ਵਿਹਾਰ ਪਰਿਪੱਕ ਹੋਵੇ ਜਾਂ ਨਾ ਹੋਵੇ। ਮਾਪੇ ਸੁਧਾਰ ਦੇ ਹੋਰ ਰੂਪਾਂ ਦੀ ਵਰਤੋਂ ਕਰ ਸਕਦੇ ਹਨ ਜਿਵੇਂ ਕਿ ਬੱਚੇ ਦੇ ਮਨੋਰੰਜਨ ਜਾਂ ਫ਼ੋਨ ਦੇ ਸਮੇਂ ਜਾਂ ਸਮਾਜਿਕ ਗਤੀਵਿਧੀਆਂ ਨੂੰ ਸੀਮਤ ਕਰਨਾ, ਪਰ ਪਿਆਰ ਅਤੇ ਧਿਆਨ ਨਾਲ ਗੱਲਬਾਤ ਸਭ ਤੋਂ ਮਹੱਤਵਪੂਰਣ ਹੋਵੇਗਾ। ਮਾਪਿਆਂ ਨੂੰ ਇਹ ਅਹਿਸਾਸ ਹੋਣਾ ਚਾਹੀਦਾ ਹੈ ਕਿ ਨੌਜਵਾਨ ਵਿਅਕਤੀ ਅਸਲ ਫੈਸਲੇ ਲੈ ਰਿਹਾ ਹੈ, ਅਤੇ ਹਾਲਾਂਕਿ ਮਾਪਿਆਂ ਦਾ ਪ੍ਰਭਾਵ ਹੈ, ਉਹ ਨੌਜਵਾਨ ਵਿਅਕਤੀ ਨੂੰ ਨਿੱਜੀ ਇੱਛਾ ਸ਼ਕਤੀ ਵਰਤਣ ਅਤੇ ਫੈਸਲਿਆਂ ਦੇ ਨਤੀਜਿਆਂ ਦਾ ਅਨੁਭਵ ਕਰਨ ਤੋਂ ਰੋਕ ਨਹੀਂ ਸਕਦੇ।
ਕੁਝ ਮਾਪਿਆਂ ਨੂੰ ਇਹ ਪਤਾ ਨਹੀਂ ਹੁੰਦਾ ਕਿ ਬੱਚੇ ਨੂੰ ਸਰੀਰਕ ਸਜ਼ਾ ਦਿੰਦੇ ਸਮੇਂ ਉਨ੍ਹਾਂ ਨੂੰ ਕਿੰਨਾ ਸਖ਼ਤ ਹੋਣਾ ਚਾਹੀਦਾ ਹੈ। ਜੇਕਰ ਕੋਈ ਬੱਚਾ ਸੁਧਾਰ ਤੋਂ ਬਾਅਦ ਵੀ ਗੁੱਸੇ ਵਾਲਾ ਅਤੇ ਬਾਗ਼ੀ ਵਿਹਾਰ ਕਰ ਰਿਹਾ ਹੈ, ਤਾਂ ਸਜ਼ਾ ਕਾਫ਼ੀ ਸਖ਼ਤ ਨਹੀਂ ਸੀ (ਇਹ ਸਿਧਾਂਤ ਉਸ ਬੱਚੇ ਦੇ ਮਾਮਲੇ ਵਿੱਚ ਲਾਗੂ ਨਹੀਂ ਹੁੰਦਾ ਜੋ ਐਨਾ ਵੱਡਾ ਹੋ ਗਿਆ ਹੈ ਕਿ ਸਰੀਰਕ ਸਜ਼ਾ ਨਾਲ ਉਸ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਸੁਧਾਰਿਆ ਨਹੀਂ ਜਾ ਸਕਦਾ)। ਸੁਧਾਰ ਇੰਨਾ ਸਖ਼ਤ ਹੋਣਾ ਚਾਹੀਦਾ ਹੈ ਕਿ ਬੱਚੇ ਨੂੰ ਆਪਣੀ ਅਣਆਗਿਆਕਾਰੀ 'ਤੇ ਪਛਤਾਵਾ ਹੋਵੇ ਅਤੇ ਉਹ ਅਧਿਕਾਰ ਦੇ ਅਧੀਨ ਹੋਣ ਦੀ ਚੋਣ ਕਰੇ। ਸੁਧਾਰ ਨਾਲ ਸੱਟ ਨਹੀਂ ਲੱਗਣੀ ਚਾਹੀਦੀ। ਉਹ ਸੁਧਾਰ ਜਿਸ ਨਾਲ ਚਮੜੀ 'ਤੇ ਸੱਟਾਂ ਜਾਂ ਨਿਸ਼ਾਨ ਲੱਗਦੇ ਹਨ ਜੋ ਕੁਝ ਮਿੰਟਾਂ ਤੋਂ ਵੱਧ ਸਮੇਂ ਲਈ ਰਹਿੰਦੇ ਹਨ, ਉਹ ਬਹੁਤ ਸਖ਼ਤ ਹੋ ਸਕਦਾ ਹੈ।
ਬਾਈਬਲ ਸਰੀਰਕ ਸਜ਼ਾ ਦੇ ਦ੍ਰਿਸ਼ਟਾਂਤ ਦੀ ਵਰਤੋਂ ਇਹ ਸਮਝਾਉਣ ਲਈ ਕਰਦੀ ਹੈ ਕਿ ਪਰਮੇਸ਼ੁਰ ਆਪਣੇ ਬੱਚਿਆਂ ਨਾਲ ਕਿਵੇਂ ਪੇਸ਼ ਆਉਂਦਾ ਹੈ।
► ਵਿਦਿਆਰਥੀਆਂ ਨੂੰ ਸਮੂਹ ਲਈ ਕਹਾਉਤਾਂ 3:11-12 ਅਤੇ ਇਬਰਾਨੀਆਂ 12:5-8 ਨੂੰ ਪੜ੍ਹਨਾ ਚਾਹੀਦਾ ਹੈ।
ਵਚਨ ਦੇ ਇਹ ਹਵਾਲੇ ਸਾਨੂੰ ਦੱਸਦੇ ਹਨ ਕਿ ਪਰਮੇਸ਼ੁਰ ਆਪਣੇ ਬੱਚਿਆਂ ਨੂੰ ਇਸ ਲਈ ਤਾੜਦਾ ਹੈ ਕਿਉਂਕਿ ਉਹ ਉਨ੍ਹਾਂ ਨੂੰ ਪਿਆਰ ਕਰਦਾ ਹੈ। ਇਸੇ ਤਰ੍ਹਾਂ, ਇੱਕ ਪਿਤਾ ਆਪਣੇ ਪੁੱਤਰ ਨੂੰ ਤਾੜਦਾ ਹੈ ਕਿਉਂਕਿ ਉਹ ਉਸ ਨੂੰ ਪਿਆਰ ਕਰਦਾ ਹੈ। ਸਹੀ ਅਨੁਸ਼ਾਸਨ ਪਿਆਰ ਦੀ ਨਿਸ਼ਾਨੀ ਹੈ। ਅਨੁਸ਼ਾਸਨ ਦੀ ਘਾਟ ਪਿਆਰ ਦੀ ਘਾਟ ਹੈ।
ਸਰੀਰਕ ਸੁਧਾਰ ਬੱਚੇ ਨੂੰ ਸੰਜਮ ਸਿਖਾਉਂਦਾ ਹੈ ਕਿਉਂਕਿ ਉਹ ਪਰਤਾਵੇ ਦਾ ਵਿਰੋਧ ਕਰਨਾ ਸਿੱਖਦਾ ਹੈ, ਇਹ ਜਾਣਦੇ ਹੋਏ ਕਿ ਜੇ ਉਹ ਗਲਤ ਕਰਦਾ ਹੈ ਤਾਂ ਉਸ ਨੂੰ ਸਜ਼ਾ ਮਿਲੇਗੀ। ਜਿਵੇਂ ਕਿ ਉਹ ਗਲਤ ਕਰਨ ਦੇ ਪਰਤਾਵੇ ਦਾ ਵਿਰੋਧ ਕਰਦਾ ਹੈ, ਉਹ ਮਜ਼ਬੂਤ ਚਰਿੱਤਰ ਵਿਕਸਤ ਕਰਦਾ ਹੈ। ਜਦੋਂ ਉਹ ਪਰਿਪੱਕ ਹੁੰਦਾ ਹੈ, ਤਾਂ ਉਹ ਪਰਤਾਵੇ ਦਾ ਵਿਰੋਧ ਕਰੇਗਾ ਕਿਉਂਕਿ ਉਹ ਨਤੀਜਿਆਂ ਨੂੰ ਸਮਝਦਾ ਹੈ, ਨਾ ਕਿ ਸਰੀਰਕ ਸਜ਼ਾ ਦੇ ਕਾਰਨ। ਹਾਲਾਂਕਿ, ਇੱਕ ਬੱਚਾ ਜਿਸ ਨੂੰ ਲਗਾਤਾਰ ਸੁਧਾਰਿਆ ਨਹੀਂ ਜਾਂਦਾ, ਉਹ ਇੱਕ ਅਜਿਹਾ ਬਾਲਗ ਬਣ ਜਾਂਦਾ ਹੈ ਜੋ ਪਰਤਾਵੇ ਦਾ ਵਿਰੋਧ ਕਰਨ ਲਈ ਬਹੁਤ ਕਮਜ਼ੋਰ ਹੁੰਦਾ ਹੈ ਭਾਵੇਂ ਉਹ ਜਾਣਦਾ ਹੀ ਹੋਵੇ ਕਿ ਇਹ ਉਸ ਦੇ ਲਈ ਬੁਰਾ ਹੈ।
ਇੱਕ ਮਾਤਾ ਜਾਂ ਪਿਤਾ ਦੀ ਕਲਪਨਾ ਕਰੋ ਜੋ ਆਪਣੇ ਬੱਚੇ ਨੂੰ ਸਿਰਫ਼ ਇਸ ਲਈ ਖਾਣ ਲਈ ਕੈਂਡੀ ਦਿੰਦਾ ਹੈ ਕਿਉਂਕਿ ਬੱਚਾ ਇਹ ਚਾਹੁੰਦਾ ਹੈ। ਉਹ ਬੱਚੇ ਨੂੰ ਦੁਖੀ ਨਹੀਂ ਕਰਨਾ ਚਾਹੁੰਦਾ, ਪਰ ਉਹ ਬੱਚੇ ਨੂੰ ਨੁਕਸਾਨ ਪਹੁੰਚਾ ਰਿਹਾ ਹੈ। ਇਸੇ ਤਰ੍ਹਾਂ, ਇੱਕ ਮਾਤਾ-ਪਿਤਾ ਜੋ ਹਮੇਸ਼ਾ ਬੱਚੇ ਦੇ ਵਿਹਾਰ ਅੱਗੇ ਝੁਕਦਾ ਹੈ, ਬੱਚੇ ਦੇ ਚਰਿੱਤਰ ਅਤੇ ਭਵਿੱਖ ਦੀਆਂ ਸਥਿਤੀਆਂ ਨੂੰ ਨੁਕਸਾਨ ਪਹੁੰਚਾ ਰਿਹਾ ਹੈ। ਬਾਈਬਲ ਇਹ ਵੀ ਆਖਦੀ ਹੈ ਕਿ ਇੱਕ ਮਾਤਾ-ਪਿਤਾ ਆਪਣੇ ਬੱਚੇ ਨੂੰ ਨਫ਼ਰਤ ਕਰਦਾ ਹੈ ਜੇਕਰ ਉਹ ਉਸ ਨੂੰ ਸੁਧਾਰਦਾ ਨਹੀਂ ਹੈ (ਕਹਾਉਤਾਂ 13:24)।
ਇੱਕ ਬੱਚਾ ਜੋ ਸੀਮਾਵਾਂ ਤੋਂ ਬਿਨਾਂ ਘਰ ਵਿੱਚ ਰਹਿੰਦਾ ਹੈ ਉਹ ਖੁਸ਼ ਨਹੀਂ ਹੁੰਦਾ। ਸੀਮਾਵਾਂ ਸੁਰੱਖਿਆ ਲਿਆਉਂਦੀਆਂ ਹਨ। ਜੇਕਰ ਇੱਕ ਬੱਚਾ ਸਿੱਖਦਾ ਹੈ ਕਿ ਉਹ ਬਹਿਸ ਅਤੇ ਹੰਗਾਮਾ ਕਰਕੇ ਉਹ ਪ੍ਰਾਪਤ ਕਰ ਸਕਦਾ ਹੈ ਜੋ ਉਹ ਚਾਹੁੰਦਾ ਹੈ, ਤਾਂ ਉਹ ਹਰ ਸਮੇਂ ਇਹ ਕਰੇਗਾ, ਪਰ ਉਹ ਖੁਸ਼ ਨਹੀਂ ਹੋਵੇਗਾ। ਬੱਚੇ ਖੁਸ਼ ਹੁੰਦੇ ਹਨ ਜਦੋਂ ਉਹ ਸੁਰੱਖਿਅਤ ਹੁੰਦੇ ਹਨ ਅਤੇ ਸੀਮਾਵਾਂ ਦੇ ਅੰਦਰ ਨਿਰਦੇਸ਼ਿਤ ਕੀਤੇ ਜਾਂਦੇ ਹਨ, ਉਹ ਇਹ ਮਹਿਸੂਸ ਨਹੀਂ ਕਰਦੇ ਕਿ ਉਨ੍ਹਾਂ ਨੂੰ ਕੁਝ ਵੀ ਪ੍ਰਾਪਤ ਕਰਨ ਲਈ ਲੜਨਾ ਅਤੇ ਨਿਯੰਤਰਣ ਦਾ ਵਿਰੋਧ ਕਰਨਾ ਪਵੇਗਾ। ਇੱਕ ਅਨੁਸ਼ਾਸਨਹੀਣ ਬੱਚਾ ਘੱਟ ਹੀ ਖੁਸ਼ ਹੁੰਦਾ ਹੈ।
ਜਦੋਂ ਬੱਚਾ ਬਾਲਗ ਹੋ ਜਾਂਦਾ ਹੈ, ਤਾਂ ਦੁਨੀਆਂ ਉਸ ਨੂੰ ਉਹ ਨਹੀਂ ਦੇਵੇਗੀ ਜੋ ਉਹ ਚਾਹੁੰਦਾ ਹੈ। ਜੇਕਰ ਉਹ ਰੁੱਖਾ, ਸੁਆਰਥੀ ਅਤੇ ਗੈਰ-ਜ਼ਿੰਮੇਵਾਰ ਹੈ ਤਾਂ ਉਸ ਦਾ ਆਦਰ ਨਹੀਂ ਹੋਵੇਗਾ ਅਤੇ ਨਾ ਹੀ ਤਰੱਕੀ ਹੋਵੇਗੀ। ਇੱਕ ਮਾਤਾ-ਪਿਤਾ ਨੂੰ ਆਪਣੇ ਬੱਚੇ ਨੂੰ ਇਸ ਤਰੀਕੇ ਨਾਲ ਪਾਲਣਾ ਚਾਹੀਦਾ ਹੈ ਜੋ ਉਸ ਨੂੰ ਜੀਵਨ ਲਈ ਤਿਆਰ ਕਰੇ। ਮਾਪਿਆਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਉਹ ਬੱਚਿਆਂ ਦੀ ਪਰਵਰਿਸ਼ ਨਹੀਂ ਕਰ ਰਹੇ ਹਨ; ਉਹ ਬਾਲਗਾਂ ਦੀ ਪਰਵਰਿਸ਼ ਕਰ ਰਹੇ ਹਨ।
ਇੱਕ ਮਾਤਾ-ਪਿਤਾ ਨੂੰ ਸਮਝਾਉਣਾ ਅਤੇ ਵਿਖਾਉਣਾ ਚਾਹੀਦਾ ਹੈ ਕਿ ਉਸ ਦੇ ਬੱਚੇ ਲਈ ਉਸ ਦੀ ਤਾੜਨਾ ਬੱਚੇ ਨੂੰ ਇੱਕ ਚੰਗੇ ਚਰਿੱਤਰ ਵਾਲੇ ਵਿਅਕਤੀ ਵਿੱਚ ਵਿਕਸਤ ਕਰਨ ਵਿੱਚ ਮਦਦ ਕਰਨ ਦੇ ਉਦੇਸ਼ ਨਾਲ ਹੈ ਜਿਸ 'ਤੇ ਭਰੋਸਾ ਕੀਤਾ ਜਾ ਸਕਦਾ ਹੈ ਅਤੇ ਜਿਸ ਦਾ ਆਦਰ ਕੀਤਾ ਜਾ ਸਕਦਾ ਹੈ।
► ਵਿਦਿਆਰਥੀਆਂ ਨੂੰ ਸਮੂਹ ਲਈ ਕਹਾਉਤਾਂ 22:15, ਕਹਾਉਤਾਂ 23:13-14, ਅਤੇ ਕਹਾਉਤਾਂ 29:15 ਨੂੰ ਪੜ੍ਹਨਾ ਚਾਹੀਦਾ ਹੈ।
ਯਾਦ ਰੱਖੋ ਕਿ ਤਾੜਨਾ ਦਾ ਉਦੇਸ਼ ਬੱਚੇ ਨੂੰ ਵਿਕਸਤ ਕਰਨਾ ਹੈ। ਜਦੋਂ ਬੱਚਾ ਸਮਝਦਾ ਹੈ ਕਿ ਉਸ ਨੇ ਕੀ ਗਲਤ ਕੀਤਾ ਹੈ ਅਤੇ ਪਹਿਲਾਂ ਹੀ ਪਛਤਾਵਾ ਕਰਦਾ ਹੈ, ਤਾਂ ਸਰੀਰਕ ਤਾੜਨਾ ਲੋੜ ਨਹੀਂ ਹੋ ਸਕਦੀ। ਉਦੇਸ਼ ਸੁਧਰਨਾ ਹੈ, ਸਜ਼ਾ ਦੇਣਾ ਨਹੀਂ; ਮਾਤਾ-ਪਿਤਾ ਨੂੰ ਇਹ ਯਕੀਨੀ ਬਣਾਉਣ ਦੀ ਜ਼ਰੂਰਤ ਨਹੀਂ ਹੈ ਕਿ ਬੱਚੇ ਨੂੰ ਉਹ ਸਜ਼ਾ ਮਿਲੇ ਜਿਸ ਦਾ ਉਹ ਹੱਕਦਾਰ ਹੈ।
► ਇੱਕ ਮਾਤਾ-ਪਿਤਾ ਦੀ ਤਾੜਨਾ ਉਸ ਵਿਅਕਤੀ ਦੇ ਕੰਮਾਂ ਤੋਂ ਕਿਵੇਂ ਵੱਖਰੀ ਹੈ ਜੋ ਲੋਕਾਂ ਨੂੰ ਉਹ ਕਰਨ ਲਈ ਮਜਬੂਰ ਕਰਦਾ ਹੈ ਜੋ ਉਹ ਚਾਹੁੰਦਾ ਹੈ?
ਇੱਕ ਹਿੰਸਕ ਵਿਅਕਤੀ ਆਪਣੀ ਇੱਛਾ ਅਨੁਸਾਰ ਦੂਸਰੇ ਲੋਕਾਂ ਨੂੰ ਨੁਕਸਾਨ ਪਹੁੰਚਾਉਣ ਲਈ ਤਿਆਰ ਹੁੰਦਾ ਹੈ। ਇੱਕ ਮਾਂ ਜਾਂ ਪਿਓ ਆਪਣੇ ਬੱਚੇ ਨੂੰ ਪਿਆਰ ਕਰਦੇ ਹਨ। ਸਰੀਰਕ ਤਾੜਨਾ ਬੱਚੇ ਦੇ ਭਲੇ ਲਈ ਹੁੰਦੀ ਹੈ। ਇੱਕ ਪਿਆਰ ਕਰਨ ਵਾਲਾ ਮਾਂ ਜਾਂ ਪਿਓ ਬੱਚੇ ਨੂੰ ਨੁਕਸਾਨ ਨਹੀਂ ਪਹੁੰਚਾਉਣਾ ਚਾਹੁੰਦਾ। ਇੱਕ ਵਿਅਕਤੀ ਇਹ ਮਹਿਸੂਸ ਨਹੀਂ ਕਰ ਸਕਦਾ ਕਿ ਇੱਕ ਧੱਕੇਸ਼ਾਹੀ ਕਰਨ ਵਾਲਾ ਜਾਂ ਜ਼ੁਲਮ ਕਰਨ ਵਾਲਾ ਉਸ ਨੂੰ ਪਿਆਰ ਕਰਦਾ ਹੈ, ਪਰ ਇੱਕ ਬੱਚਾ ਜਾਣ ਸਕਦਾ ਹੈ ਕਿ ਉਸ ਨੂੰ ਪਿਆਰ ਕੀਤਾ ਜਾਂਦਾ ਹੈ ਭਾਵੇਂ ਉਸ ਨੂੰ ਤਾੜਿਆ ਜਾਂਦਾ ਹੈ। ਉਹ ਇਹ ਮਹਿਸੂਸ ਕਰ ਸਕਦਾ ਹੈ ਕਿ ਉਸ ਦੇ ਮਾਪਿਆਂ ਦੇ ਅਧਿਕਾਰ ਕਾਰਨ ਉਸ ਦੀ ਜ਼ਿੰਦਗੀ ਬਿਹਤਰ ਹੈ।
ਕੁਝ ਮਾਪੇ ਗੁੱਸੇ ਜਾਂ ਬੇਰਹਿਮੀ ਕਾਰਣ ਸਖ਼ਤ ਅਤੇ ਅਸੰਗਤ ਸਜ਼ਾ ਦਿੰਦੇ ਹਨ। ਉਹ ਆਪਣੇ ਬੱਚੇ ਨੂੰ ਸਰੀਰਕ ਅਤੇ ਭਾਵਨਾਤਮਕ ਤੌਰ 'ਤੇ ਜ਼ਖਮੀ ਕਰਦੇ ਹਨ। ਉਹ ਆਪਣੇ ਬੱਚਿਆਂ ਨੂੰ ਜ਼ਿੰਦਗੀ ਪ੍ਰਤੀ ਆਪਣੇ ਖੁਦ ਦੇ ਤਣਾਅ ਅਤੇ ਨਿਰਾਸ਼ਾ ਨੂੰ ਦੂਰ ਕਰਨ ਦੇ ਲਈ ਸਜ਼ਾ ਦਿੰਦੇ ਹਨ। ਇਹ ਇੱਕ ਗੰਭੀਰ ਸਮੱਸਿਆ ਹੈ ਜਿਸ ਨੂੰ ਉਨ੍ਹਾਂ ਦੁਆਰਾ ਬਰਦਾਸ਼ਤ ਨਹੀਂ ਕੀਤਾ ਜਾਣਾ ਚਾਹੀਦਾ ਜੋ ਇਸ ਨੂੰ ਵੇਖਦੇ ਹਨ। ਦੋਸਤਾਂ, ਗੁਆਂਢੀਆਂ ਅਤੇ ਰਿਸ਼ਤੇਦਾਰਾਂ ਨੂੰ ਇੱਕ ਅਜਿਹੇ ਵਿਅਕਤੀ ਦਾ ਵਿਰੋਧ ਕਰਨਾ ਚਾਹੀਦਾ ਹੈ ਜੋ ਬੱਚੇ ਨਾਲ ਦੁਰਵਿਹਾਰ ਕਰ ਰਿਹਾ ਹੈ। ਦੁਰਵਿਹਾਰ ਕਰਨ ਵਾਲੇ ਮਾਂ ਜਾਂ ਪਿਓ ਦੇ ਜੀਵਨ ਸਾਥੀ ਨੂੰ ਰਿਸ਼ਤੇਦਾਰਾਂ, ਦੋਸਤਾਂ ਜਾਂ ਪਾਸਟਰ ਤੋਂ ਮਦਦ ਲੈਣੀ ਚਾਹੀਦੀ ਹੈ। ਬੱਚੇ ਦੀ ਰੱਖਿਆ ਕਰਨਾ ਮਹੱਤਵਪੂਰਣ ਹੈ।
► ਕੁਝ ਮਾਪੇ ਆਪਣੇ ਬੱਚਿਆਂ ਨੂੰ ਜਨਤਕ ਤੌਰ 'ਤੇ ਬੇਇੱਜ਼ਤ ਕਰਦੇ ਹਨ, ਜਦੋਂ ਉਹ ਗਲਤ ਕਰਦੇ ਹਨ। ਕੀ ਇਹ ਤਾੜਨਾ ਦਾ ਇੱਕ ਚੰਗਾ ਤਰੀਕਾ ਹੈ?
► ਇੱਕ ਵਿਦਿਆਰਥੀ ਨੂੰ ਸਮੂਹ ਲਈ ਅਫ਼ਸੀਆਂ 6:4 ਨੂੰ ਪੜ੍ਹਨਾ ਚਾਹੀਦਾ ਹੈ।
ਬੱਚੇ ਨੂੰ ਇਹ ਯਕੀਨੀ ਬਣਾਉਣ ਦੀ ਲੋੜ ਹੁੰਦੀ ਹੈ ਕਿ ਉਸ ਦੇ ਮਾਪੇ ਉਸ ਨੂੰ ਪਿਆਰ ਕਰਦੇ ਹਨ ਅਤੇ ਉਨ੍ਹਾਂ ਦੀ ਤਾੜਨਾ ਉਸ ਦੇ ਭਲੇ ਲਈ ਹੈ। ਜਦੋਂ ਇੱਕ ਬੱਚਾ ਆਪਣੇ ਮਾਪਿਆਂ ਦੁਆਰਾ ਬੇਇੱਜ਼ਤ ਕੀਤਾ ਜਾਂਦਾ ਹੈ, ਤਾਂ ਉਹ ਪਿਆਰ ਮਹਿਸੂਸ ਨਹੀਂ ਕਰਦਾ। ਉਹ ਕੌੜਾ ਹੋ ਸਕਦਾ ਹੈ ਅਤੇ ਮਹਿਸੂਸ ਕਰ ਸਕਦਾ ਹੈ ਕਿ ਉਸ ਦੇ ਮਾਪਿਆਂ ਦਾ ਅਧਿਕਾਰ ਇੱਕ ਭਿਆਨਕ ਚੀਜ਼ ਹੈ ਜਿਸ ਤੋਂ ਉਸ ਨੂੰ ਬਚਣ ਦੀ ਲੋੜ ਹੈ। ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਨਿੱਜੀ ਤੌਰ 'ਤੇ ਤਾੜਨਾ ਚਾਹੀਦਾ ਹੈ ਅਤੇ ਦੂਸਰੇ ਲੋਕਾਂ ਦੀ ਮੌਜੂਦਗੀ ਵਿੱਚ ਉਨ੍ਹਾਂ ਨੂੰ ਸ਼ਰਮਿੰਦਾ ਕਰਨ ਤੋਂ ਬਚਣਾ ਚਾਹੀਦਾ ਹੈ। ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਕੋਮਲਤਾ ਅਤੇ ਧੀਰਜ ਨਾਲ ਹਿਦਾਇਤ ਦੇਣੀ ਚਾਹੀਦੀ ਹੈ ਅਤੇ ਤਾੜਨਾ ਚਾਹੀਦਾ ਹੈ।[1] ਕਹਾਉਤਾਂ 16:21 ਦਾ ਦੂਸਰਾ ਭਾਗ ਸਾਨੂੰ ਦੱਸਦਾ ਹੈ ਕਿ "...ਮਿੱਠੇ ਬੋਲਣ ਨਾਲ ਕਾਇਲ ਕਰਨ ਦੀ ਸ਼ਕਤੀ ਵੱਧ ਜਾਂਦੀ ਹੈ।"
► ਕਲਪਨਾ ਕਰੋ ਕਿ ਤੁਸੀਂ ਆਪਣੇ ਬੱਚੇ ਨੂੰ ਆਪਣੇ ਜਾਨਵਰਾਂ ਦੀ ਦੇਖਭਾਲ ਕਰਨ ਲਈ ਕਿਹਾ ਹੈ। ਜਦੋਂ ਤੁਸੀਂ ਸ਼ਾਮ ਨੂੰ ਘਰ ਆਉਂਦੇ ਹੋ ਤਾਂ ਤੁਸੀਂ ਵੇਖਦੇ ਹੋ ਕਿ ਜਾਨਵਰਾਂ ਨੂੰ ਚਾਰਾ ਨਹੀਂ ਦਿੱਤਾ ਗਿਆ ਸੀ। ਤੁਸੀਂ ਸਾਰਾ ਦਿਨ ਕੰਮ ਕਰਕੇ ਥੱਕੇ ਹੋਏ ਹੋ, ਪਰ ਤੁਹਾਨੂੰ ਆਰਾਮ ਕਰਨ ਤੋਂ ਪਹਿਲਾਂ ਜਾਨਵਰਾਂ ਨੂੰ ਚਾਰਾ ਦੇਣਾ ਚਾਹੀਦਾ ਹੈ ਕਿਉਂਕਿ ਤੁਹਾਡਾ ਬੱਚੇ ਨੇ ਗੱਲ ਨਹੀਂ ਮੰਨੀ। ਕੀ ਤੁਹਾਨੂੰ ਗੁੱਸਾ ਕਰਨਾ ਚਾਹੀਦਾ ਹੈ? ਕੀ ਮਾਪਿਆਂ ਲਈ ਆਪਣੇ ਬੱਚੇ ਨਾਲ ਗੁੱਸੇ ਹੋਣਾ ਗਲਤ ਹੈ?
ਮਾਪਿਆਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਤਾੜਨਾ ਬੱਚੇ ਨੂੰ ਲਾਭ ਪਹੁੰਚਾਉਣ ਲਈ ਹੈ। ਜਦੋਂ ਕੋਈ ਮਾਂ ਜਾਂ ਪਿਓ ਇਸ ਲਈ ਗੁੱਸੇ ਹੁੰਦੇ ਹਨ ਕਿਉਂਕਿ ਉਹ ਬੇਇੱਜ਼ਤ ਮਹਿਸੂਸ ਕਰਦੇ ਹਨ ਜਾਂ ਕਿਉਂਕਿ ਬੱਚੇ ਦੀ ਅਣਆਗਿਆਕਾਰੀ ਉਸ ਲਈ ਅਸੁਵਿਧਾ ਦਾ ਕਾਰਨ ਬਣਦੀ ਹੈ, ਤਾਂ ਉਸ ਕੋਲ ਇੱਕ ਅਜਿਹਾ ਗੁੱਸਾ ਹੁੰਦਾ ਹੈ ਜੋ ਕੁਝ ਵੀ ਚੰਗਾ ਨਹੀਂ ਕਰ ਸਕਦਾ (ਯਾਕੂਬ 1:20)। ਉਸ ਦਾ ਗੁੱਸਾ ਸਵੈ-ਕੇਂਦ੍ਰਿਤ ਹੁੰਦਾ ਹੈ।
ਇੱਕ ਮਾਂ ਜਾਂ ਪਿਓ ਸਹੀ ਕਿਸਮ ਦਾ ਗੁੱਸਾ ਇਸ ਤਰ੍ਹਾਂ ਪ੍ਰਗਟ ਕਰ ਸਕਦੇ ਹਨ: “ਪੁੱਤਰ, ਤੂੰ ਜਾਨਵਰਾਂ ਨੂੰ ਉਸ ਤਰ੍ਹਾਂ ਚਾਰਾ ਨਹੀਂ ਦਿੱਤਾ ਜਿਵੇਂ ਮੈਂ ਤੈਨੂੰ ਦੇਣ ਲਈ ਕਿਹਾ ਸੀ। ਜਾਨਵਰ ਭੁੱਖੇ ਸਨ, ਅਤੇ ਜੇਕਰ ਮੈਂ ਉਨ੍ਹਾਂ ਨੂੰ ਨਾ ਚਾਰਾ ਦਿੰਦਾ ਤਾਂ ਉਹ ਸਾਰੀ ਰਾਤ ਭੁੱਖੇ ਰਹਿੰਦੇ। ਮੈਨੂੰ ਉਨ੍ਹਾਂ ਨੂੰ ਚਾਰਾ ਦੇਣਾ ਪਿਆ ਭਾਵੇਂ ਮੈਂ ਸਾਰਾ ਦਿਨ ਕੰਮ ਕਰਕੇ ਥੱਕਿਆ ਹੋਇਆ ਸੀ। ਮੈਂ ਗੁੱਸੇ ਹਾਂ ਕਿਉਂਕਿ ਮੈਂ ਨਹੀਂ ਚਾਹੁੰਦਾ ਕਿ ਤੂੰ ਉਸ ਤਰ੍ਹਾਂ ਦਾ ਵਿਅਕਤੀ ਬਣੇਂ ਜੋ ਆਪਣੀ ਜ਼ਿੰਮੇਵਾਰੀ ਨੂੰ ਨਜ਼ਰਅੰਦਾਜ਼ ਕਰਕੇ ਦੂਸਰਿਆਂ ਦੀਆਂ ਜ਼ਰੂਰਤਾਂ ਨੂੰ ਨਜ਼ਰਅੰਦਾਜ਼ ਕਰਦਾ ਹੈ। ਕਹਾਉਤਾਂ 12:10 ਸਿਖਾਉਂਦੀ ਹੈ, “ਧਰਮੀ ਆਪਣੇ ਪਸੂ ਦੇ ਪ੍ਰਾਣਾਂ ਦੀ ਵੀ ਸੁੱਧ ਰੱਖਦਾ ਹੈ, ਪਰ ਦੁਸ਼ਟਾਂ ਦਾ ਰਹਮ ਨਿਰਦਈ ਹੀ ਹੈ।”
ਸੋਨੀਆ ਨੇ ਆਪਣੇ ਬੱਚਿਆਂ ਨੂੰ ਆਖਿਆ ਕਿ ਉਹ ਉਸ ਕਮਰੇ ਵਿੱਚ ਖਾਣ ਜਾਂ ਪੀਣ ਵਾਲਾ ਕੋਈ ਪਦਾਰਥ ਨਾ ਲਿਆਉਣ ਜਿਸ ਵਿੱਚ ਫਰਸ਼ 'ਤੇ ਨਵਾਂ ਗਲੀਚਾ ਵਿਛਿਆ ਹੋਇਆ ਸੀ। ਅਗਲੇ ਦਿਨ ਉਸ ਨੇ ਇੱਕ ਬੱਚੇ ਨੂੰ ਉੱਥੇ ਖਾਂਦੇ ਹੋਏ ਵੇਖਿਆ, ਅਤੇ ਉਸ ਨੇ ਉਸ ਨੂੰ ਝਿੜਕਿਆ। ਬਾਅਦ ਵਿੱਚ ਬੱਚਿਆਂ ਵਿੱਚੋਂ ਇੱਕ ਬੱਚਾ ਜੂਸ ਦਾ ਗਲਾਸ ਲੈ ਕੇ ਗਲੀਚੇ ਉੱਤੋਂ ਦੀ ਲੰਘਿਆ ਅਤੇ ਉਸ ਨੇ ਉਸ ਨੂੰ ਝਿੜਕਿਆ। ਅਗਲੇ ਕੁਝ ਦਿਨਾਂ ਵਿੱਚ ਬੱਚੇ ਕਈ ਵਾਰ ਉਸ ਕਮਰੇ ਵਿੱਚ ਪੀਣ ਵਾਲੇ ਪਦਾਰਥ ਲੈ ਕੇ ਗਏ, ਪਰ ਸੋਨੀਆ ਰੁੱਝੀ ਹੋਈ ਸੀ ਅਤੇ ਉਸ ਨੇ ਉਨ੍ਹਾਂ ਨੂੰ ਤਾੜਿਆ ਨਹੀਂ। ਫਿਰ ਇੱਕ ਦਿਨ ਉਸ ਦੇ ਪੁੱਤਰ ਨੇ ਗਲੀਚੇ 'ਤੇ ਕੋਕਾ-ਕੋਲਾ ਡੋਲ੍ਹ ਦਿੱਤਾ। ਸੋਨੀਆ ਗੁੱਸੇ ਵਿੱਚ ਸੀ ਅਤੇ ਉਸ ਨੂੰ ਮਾਰਿਆ।
► ਸੋਨੀਆ ਦੇ ਆਪਣੇ ਬੱਚਿਆਂ ਨੂੰ ਸੁਧਾਰਨ ਦੇ ਤਰੀਕੇ ਵਿੱਚ ਕੀ ਗਲਤ ਹੈ?
ਸੋਨੀਆ ਦਾ ਨਿਯਮ ਸੀ ਕਿ ਬੱਚਿਆਂ ਨੂੰ ਗਲੀਚੇ ਵਾਲੇ ਕਮਰੇ ਵਿੱਚ ਖਾਣ ਜਾਂ ਪੀਣ ਵਾਲਾ ਪਦਾਰਥ ਨਹੀਂ ਲੈ ਕੇ ਜਾਣਾ ਚਾਹੀਦਾ, ਪਰ ਫਿਰ ਉਸ ਨੇ ਉਨ੍ਹਾਂ ਦੇ ਨਿਯਮ ਤੋੜਨ ਨੂੰ ਉਦੋਂ ਤੱਕ ਬਰਦਾਸ਼ਤ ਕੀਤਾ ਜਦੋਂ ਤੱਕ ਕੋਈ ਹਾਦਸਾ ਨਹੀਂ ਹੋ ਗਿਆ। ਉਸ ਨੇ ਨਿਯਮ ਤੋੜਨ ਦੀ ਬਜਾਏ ਹਾਦਸੇ ਲਈ ਸਜ਼ਾ ਦਿੱਤੀ। ਇਹ ਬੱਚਿਆਂ ਨੂੰ ਸਿਖਾਉਂਦਾ ਹੈ ਕਿ ਉਹ ਤਦ ਤਕ ਨਿਯਮ ਤੋੜ ਸਕਦੇ ਹਨ ਜਿੰਨਾ ਚਿਰ ਉਹ ਮਾੜੇ ਨਤੀਜਿਆਂ ਨੂੰ ਰੋਕ ਸਕਦੇ ਹਨ। ਇਹ ਵਿਚਾਰ ਮਾੜੇ ਚਰਿੱਤਰ ਨੂੰ ਵਿਕਸਤ ਕਰਦਾ ਹੈ ਕਿਉਂਕਿ ਇਹ ਸਾਰੇ ਨਿਯਮ ਤੋੜਨ ਦਾ ਅਧਾਰ ਹੈ। ਇੱਕ ਵਿਅਕਤੀ ਨਿਯਮਾਂ ਨੂੰ ਤੋੜਦਾ ਹੈ ਕਿਉਂਕਿ ਉਹ ਸੋਚਦਾ ਹੈ ਕਿ ਉਹ ਉਹ ਨਤੀਜੇ ਪ੍ਰਾਪਤ ਕਰ ਸਕਦਾ ਹੈ ਜੋ ਉਹ ਚਾਹੁੰਦਾ ਹੈ ਅਤੇ ਮਾੜੇ ਨਤੀਜਿਆਂ ਤੋਂ ਬਚ ਸਕਦਾ ਹੈ। ਮਾਪਿਆਂ ਨੂੰ ਬੱਚਿਆਂ ਨੂੰ ਦੁਰਘਟਨਾਵਾਂ ਲਈ ਸਜ਼ਾ ਦੇਣ ਦੀ ਬਜਾਏ ਅਣਆਗਿਆਕਾਰੀ ਲਈ ਤਾੜਨਾ ਚਾਹੀਦਾ ਹੈ।
ਤੇਜਿੰਦਰ ਨੇ ਆਪਣੇ ਪੁੱਤਰਾਂ ਨੂੰ ਆਖਿਆ ਕਿ ਉਹ ਹਮੇਸ਼ਾ ਸ਼ਾਮ ਨੂੰ ਆਪਣੇ ਸਾਈਕਲਾਂ ਨੂੰ ਦੂਰ ਰੱਖਣ। ਇੱਕ ਹਫ਼ਤੇ ਲਈ ਹਰ ਦਿਨ, ਜਦੋਂ ਤੇਜਿੰਦਰ ਘਰ ਆਉਂਦਾ ਸੀ, ਸਾਈਕਲ ਅਜੇ ਵੀ ਬਾਹਰ ਹੀ ਹੁੰਦੇ ਸਨ। ਫਿਰ ਇੱਕ ਦਿਨ ਕੰਮ 'ਤੇ ਤੇਜਿੰਦਰ ਨੇ ਆਪਣਾ ਇੱਕ ਔਜ਼ਾਰ ਗੁਆ ਲਿਆ, ਗਲਤੀ ਨਾਲ ਉਸ ਦੀ ਉਂਗਲੀ ’ਤੇ ਸੱਟ ਲੱਗ ਗਈ, ਅਤੇ ਵਾਪਸ ਆਉਂਦੇ ਸਮੇਂ ਟਾਇਰ ਪੰਕਚਰ ਹੋ ਗਿਆ। ਜਦੋਂ ਉਹ ਘਰ ਪਹੁੰਚਿਆ ਤਾਂ ਸਾਈਕਲ ਅਜੇ ਵੀ ਬਾਹਰ ਹੀ ਸਨ, ਅਤੇ ਉਸ ਨੇ ਆਪਣੇ ਪੁੱਤਰਾਂ ਨੂੰ ਸਜ਼ਾ ਦਿੱਤੀ।
► ਤੇਜਿੰਦਰ ਦੇ ਆਪਣੇ ਪੁੱਤਰਾਂ ਨੂੰ ਸੁਧਾਰਨ ਦੇ ਤਰੀਕੇ ਵਿੱਚ ਕੀ ਗਲਤ ਹੈ?
ਬਹੁਤ ਸਾਰੇ ਮਾਪੇ ਉਦੋਂ ਅਣਆਗਿਆਕਾਰੀ ਨੂੰ ਬਰਦਾਸ਼ਤ ਕਰਦੇ ਹਨ ਜਦੋਂ ਉਹ ਚੰਗੇ ਮੂਡ ਵਿੱਚ ਹੁੰਦੇ ਹਨ ਅਤੇ ਜਦੋਂ ਉਹ ਜ਼ਿੰਦਗੀ ਦੀਆਂ ਸਥਿਤੀਆਂ ਬਾਰੇ ਗੁੱਸੇ ਵਿੱਚ ਹੁੰਦੇ ਹਨ ਤਾਂ ਅਣਆਗਿਆਕਾਰੀ ਲਈ ਸਜ਼ਾ ਦਿੰਦੇ ਹਨ। ਬੱਚੇ ਉਦੋਂ ਤੱਕ ਆਗਿਆਕਾਰੀ ਕਰਨਾ ਨਹੀਂ ਸਿੱਖਦੇ ਜਦੋਂ ਤੱਕ ਮਾਪੇ ਉਨ੍ਹਾਂ ਨੂੰ ਲਗਾਤਾਰ ਸੁਧਾਰਦੇ ਨਹੀਂ ਹਨ।
► ਹੇਠਾਂ ਦਿੱਤੇ ਨੁਕਤਿਆਂ ਨੂੰ ਵੇਖੋ ਅਤੇ ਸਮਝਾਓ ਕਿ ਹਰ ਇੱਕ ਮਹੱਤਵਪੂਰਣ ਕਿਉਂ ਹੈ। ਜੇਕਰ ਕੋਈ ਮਾਪਾ ਇਨ੍ਹਾਂ ਨਿਰਦੇਸ਼ਾਂ ਦੀ ਪਾਲਣਾ ਨਹੀਂ ਕਰਦਾ ਹੈ ਤਾਂ ਕੀ ਹੁੰਦਾ ਹੈ?
ਸ਼ਰਤਾਂ ਬੱਚੇ ਦੀਆਂ ਯੋਗਤਾਵਾਂ ਅਤੇ ਪਰਿਪੱਕਤਾ ਦੇ ਅਨੁਸਾਰ ਹੋਣੀਆਂ ਚਾਹੀਦੀਆਂ ਹਨ।
ਸਿਰਫ਼ ਜਾਣਬੁੱਝ ਕੇ ਕੀਤੀ ਗਈ ਅਣਆਗਿਆਕਾਰੀ ਲਈ ਸਜ਼ਾ ਦਿਓ, ਦੁਰਘਟਨਾਵਾਂ ਲਈ ਨਹੀਂ।
ਨਿਯਮ ਅਤੇ ਸ਼ਰਤਾਂ ਸਪੱਸ਼ਟ ਅਤੇ ਸਮਝਣ ਯੋਗ ਹੋਣੀਆਂ ਚਾਹੀਦੀਆਂ ਹਨ।
ਜਦੋਂ ਕੋਈ ਬੱਚਾ ਅਣਆਗਿਆਕਾਰੀ ਕਰਦਾ ਹੈ, ਤਾਂ ਮਾਪਿਆਂ ਨੂੰ ਦੱਸਣਾ ਚਾਹੀਦਾ ਹੈ ਕਿ ਬੱਚੇ ਨੂੰ ਕੀ ਕਰਨਾ ਚਾਹੀਦਾ ਸੀ।
ਕਦੇ ਵੀ ਕਿਸੇ ਬੱਚੇ ਨੂੰ ਕਿਸੇ ਅਜਿਹੀ ਚੀਜ਼ ਲਈ ਸਜ਼ਾ ਨਾ ਦਿਓ ਜੋ ਉਸ ਦੇ ਨਿਯੰਤਰਣ ਵਿੱਚ ਨਹੀਂ ਸੀ।
[1] ਹਾਲਾਂਕਿ 2 ਤਿਮੋਥਿਉਸ ਨੂੰ 2:24-25 ਅਤੇ ਗਲਾਤੀਆਂ ਨੂੰ 6:1 ਕਲੀਸਿਯਾ ਵਿੱਚ ਪਾਪ ਨਾਲ ਨਜਿੱਠਣ ਲਈ ਹਿਦਾਇਤ ਵਜੋਂ ਲਿਖਿਆ ਗਿਆ ਸੀ, ਪਰ ਜੋ ਗਲਤ ਹਨ ਉਨ੍ਹਾਂ ਨੂੰ ਸੁਧਾਰਦੇ ਹੋਏ ਧੀਰਜ ਅਤੇ ਕੋਮਲਤਾ ਦਾ ਪ੍ਰਦਰਸ਼ਨ ਕਰਨ ਦੀ ਹਿਦਾਇਤ ਪਾਲਣ-ਪੋਸ਼ਣ ਦੇ ਸੰਦਰਭ 'ਤੇ ਵੀ ਲਾਗੂ ਹੁੰਦੀ ਹੈ।
Previous
Next