ਪਾਠ ਦੇ ਟੀਚੇ
ਇਸ ਪਾਠ ਦੇ ਅੰਤ ਵਿੱਚ, ਵਿਦਿਆਰਥੀ ਹੇਠਾਂ ਦੱਸੇ ਕੰਮ ਕਰਨ ਦੇ ਯੋਗ ਹੋਣੇ ਚਾਹੀਦੇ ਹਨ:
(1) ਬਾਈਬਲ ਅਧਾਰਤ ਨਜ਼ਰੀਏ ਤੋਂ ਬਾਂਝਪਣ ਨੂੰ ਸਮਝਣਾ ਅਤੇ ਇਸ ਲਈ ਜਵਾਬ ਦੇਣਾ।
(2) ਇੱਕ ਦੂਸਰੇ ਦੀ ਕਦਰ ਕਰਨਾ ਕਿਉਂਕਿ ਉਹ ਪਰਮੇਸ਼ੁਰ ਦੇ ਸਰੂਪ ’ਤੇ ਬਣਾਏ ਗਏ ਹਨ।
Search through all lessons and sections in this course
Searching...
No results found
No matches for ""
Try different keywords or check your spelling
1 min read
by Stephen Gibson
ਇਸ ਪਾਠ ਦੇ ਅੰਤ ਵਿੱਚ, ਵਿਦਿਆਰਥੀ ਹੇਠਾਂ ਦੱਸੇ ਕੰਮ ਕਰਨ ਦੇ ਯੋਗ ਹੋਣੇ ਚਾਹੀਦੇ ਹਨ:
(1) ਬਾਈਬਲ ਅਧਾਰਤ ਨਜ਼ਰੀਏ ਤੋਂ ਬਾਂਝਪਣ ਨੂੰ ਸਮਝਣਾ ਅਤੇ ਇਸ ਲਈ ਜਵਾਬ ਦੇਣਾ।
(2) ਇੱਕ ਦੂਸਰੇ ਦੀ ਕਦਰ ਕਰਨਾ ਕਿਉਂਕਿ ਉਹ ਪਰਮੇਸ਼ੁਰ ਦੇ ਸਰੂਪ ’ਤੇ ਬਣਾਏ ਗਏ ਹਨ।
ਬੁਸਾਬਾ ਦਾ ਜਨਮ ਇੱਕ ਏਸ਼ੀਆਈ ਦੇਸ਼ ਵਿੱਚ ਹੋਇਆ ਸੀ। ਜਦੋਂ ਉਸ ਨੇ ਇੱਕ ਨੌਜਵਾਨ ਕਾਰੋਬਾਰੀ ਨਾਲ ਵਿਆਹ ਕੀਤਾ ਤਾਂ ਉਹ ਖੁਸ਼ ਸੀ, ਅਤੇ ਉਨ੍ਹਾਂ ਨੇ ਇਕੱਠੇ ਖੁਸ਼ਹਾਲ ਜੀਵਨ ਬਿਤਾਉਣ ਦੀ ਉਮੀਦ ਕੀਤੀ ਸੀ। ਕਈ ਸਾਲ ਬੀਤ ਗਏ, ਅਤੇ ਬੁਸਾਬਾ ਦੇ ਕੋਈ ਬੱਚਾ ਨਹੀਂ ਹੋਇਆ ਸੀ। ਇੱਕ ਡਾਕਟਰ ਨੇ ਉਨ੍ਹਾਂ ਨੂੰ ਦੱਸਿਆ ਕਿ ਬੁਸਾਬਾ ਬੱਚੇ ਪੈਦਾ ਕਰਨ ਦੇ ਯੋਗ ਨਹੀਂ ਹੋਵੇਗੀ। ਉਸ ਦਾ ਪਤੀ ਬਹੁਤ ਦੁਖੀ ਅਤੇ ਗੁੱਸੇ ਵਿੱਚ ਸੀ। ਅੰਤ ਵਿੱਚ ਉਸ ਨੇ ਬੁਸਾਬਾ ਨੂੰ ਤਲਾਕ ਦੇਣ ਅਤੇ ਕਿਸੇ ਹੋਰ ਔਰਤ ਨਾਲ ਵਿਆਹ ਕਰਨ ਦਾ ਫੈਸਲਾ ਲਿਆ। ਬੁਸਾਬਾ ਹੁਣ ਬੁੱਢੀ ਹੋ ਗਈ ਹੈ। ਉਹ ਇੱਕ ਛੋਟੇ ਜਿਹੇ ਘਰ ਵਿੱਚ ਇਕੱਲੀ ਰਹਿੰਦੀ ਹੈ ਅਤੇ ਉਸ ਦੇ ਜੀਵਨ ਵਿੱਚ ਕੋਈ ਰਿਸ਼ਤੇਦਾਰ ਨਹੀਂ ਹੈ। ਕਿਉਂਕਿ ਉਹ ਬੋਧੀ ਹੈ, ਉਸ ਨੂੰ ਉਮੀਦ ਹੈ ਕਿ ਅਗਲੇ ਜਨਮ ਵਿੱਚ ਕਿਸੇ ਦਿਨ ਉਸ ਦੇ ਬੱਚੇ ਹੋਣਗੇ ਅਤੇ ਉਸ ਦੀ ਸ਼ਰਮ ਖਤਮ ਹੋ ਜਾਵੇਗੀ।
► ਜੇ ਤੁਸੀਂ ਬੁਸਾਬਾ ਦੇ ਭਾਈਚਾਰੇ ਵਿੱਚ ਇੱਕ ਪਾਸਟਰ ਹੁੰਦੇ, ਤਾਂ ਤੁਸੀਂ ਉਸ ਨੂੰ ਕੀ ਆਖਦੇ? ਬੁਸਾਬਾ ਲਈ ਮਸੀਹੀ ਸੰਦੇਸ਼ ਕੀ ਹੈ?
ਇਸ ਪਾਠ ਵਿੱਚ ਅਸੀਂ ਬੇਔਲਾਦ ਹੋਣ ਦੇ ਮੁੱਦੇ ਬਾਰੇ ਬਾਈਬਲ ਦੇ ਨਜ਼ਰੀਏ ’ਤੇ ਵਿਚਾਰ ਕਰਾਂਗੇ।
ਪਹਿਲੇ ਆਦਮੀ ਅਤੇ ਔਰਤ ਨੂੰ ਬਣਾਉਣ ਤੋਂ ਤੁਰੰਤ ਬਾਅਦ, ਪਰਮੇਸ਼ੁਰ ਨੇ ਉਨ੍ਹਾਂ ਨੂੰ ਬੱਚੇ ਪੈਦਾ ਕਰਨ ਅਤੇ ਮਨੁੱਖੀ ਆਬਾਦੀ ਨੂੰ ਵਧਾਉਣ ਅਤੇ ਧਰਤੀ ਨੂੰ ਭਰਨ ਲਈ ਆਖਿਆ (ਉਤਪਤ 1:28)।
ਪੁਰਾਣੇ ਨੇਮ ਵਿੱਚ, ਪਰਮੇਸ਼ੁਰ ਨੇ ਕਈ ਵਾਰ ਸਿਰਫ਼ ਇੱਕ ਵਿਅਕਤੀ ਨੂੰ ਹੀ ਨਹੀਂ ਸਗੋਂ ਇੱਕ ਪਰਿਵਾਰ ਦੀਆਂ ਕਈ ਪੀੜ੍ਹੀਆਂ ਨੂੰ ਅਸੀਸਾਂ ਦੇਣ ਦਾ ਵਾਇਦਾ ਕੀਤਾ ਸੀ। ਉਦਾਹਰਣ ਵਜੋਂ, ਪਰਮੇਸ਼ੁਰ ਨੇ ਅਬਰਾਹਾਮ ਨੂੰ ਅਸੀਸਾਂ ਦੇਣ ਦਾ ਵਾਇਦਾ ਕੀਤਾ ਸੀ, ਜੋ ਅਬਰਾਹਾਮ ਲਈ ਨਿੱਜੀ ਤੌਰ ’ਤੇ ਨਹੀਂ ਸਗੋਂ ਬਾਅਦ ਦੀਆਂ ਪੀੜ੍ਹੀਆਂ ਲਈ ਵੀ ਆਉਣਗੀਆਂ। ਪਰਮੇਸ਼ੁਰ ਨੇ ਅਬਰਾਹਾਮ ਨਾਲ ਵਾਇਦਾ ਕੀਤਾ ਸੀ ਕਿ ਉਸ ਦੇ ਵੰਸ਼ਜ ਸਮੁੰਦਰ ਦੀ ਰੇਤ ਵਾਂਗ ਅਣਗਿਣਤ ਹੋਣਗੇ। ਅਬਰਾਹਾਮ ਦਾ ਪੁੱਤਰ ਇਸਹਾਕ ਚਮਤਕਾਰੀ ਢੰਗ ਨਾਲ ਆਪਣੀ ਮਾਂ ਦੇ ਗਰਭ ਵਿੱਚ ਆਇਆ ਸੀ। ਫਿਰ ਜਿਵੇਂ-ਜਿਵੇਂ ਪਰਿਵਾਰ ਹਰ ਪੀੜ੍ਹੀ ਦੇ ਨਾਲ ਵਧਦਾ ਗਿਆ, ਵਧਦੀ ਗਿਣਤੀ ਨੇ ਵਿਖਾਇਆ ਕਿ ਪਰਮੇਸ਼ੁਰ ਆਪਣਾ ਵਾਇਦਾ ਪੂਰਾ ਕਰ ਰਿਹਾ ਸੀ।
ਕੂਚ 23:25-27 ਵਿੱਚ ਪਰਮੇਸ਼ੁਰ ਨੇ ਇਸਰਾਏਲ ਨੂੰ ਆਖਿਆ ਕਿ ਉਹ ਉਨ੍ਹਾਂ ਨੂੰ ਅਸੀਸ ਦੇਵੇਗਾ, ਜਿਵੇਂ-ਜਿਵੇਂ ਉਹ ਆਪਣੇ ਨਵੇਂ ਖੇਤਰ ਵਿੱਚ ਅੱਗੇ ਵਧਣਗੇ। ਪਰਮੇਸ਼ੁਰ ਨੇ ਇਸਰਾਏਲ ਨਾਲ ਵਾਇਦਾ ਕੀਤਾ ਸੀ ਕਿ ਉਹ ਉਨ੍ਹਾਂ ਦੇ ਭੋਜਨ ’ਤੇ ਅਸੀਸ ਦੇਵੇਗਾ, ਬਿਮਾਰੀ ਦੂਰ ਕਰੇਗਾ, ਕੋਈ ਬਾਂਝਪਨ ਜਾਂ ਗਰਭਪਾਤ ਨਹੀਂ ਹੋਣ ਦੇਵੇਗਾ, ਅਤੇ ਉਨ੍ਹਾਂ ਦੇ ਦੁਸ਼ਮਣਾਂ ਨੂੰ ਨਾਸ ਕਰੇਗਾ। ਇਹ ਵਾਇਦੇ ਇਸਰਾਏਲ ਦੀ ਆਗਿਆਕਾਰੀ 'ਤੇ ਨਿਰਭਰ ਸਨ, ਅਤੇ ਪਰਮੇਸ਼ੁਰ ਨੇ ਆਪਣੀਆਂ ਸ਼ਰਤਾਂ ਦਾ ਵਰਣਨ ਕੀਤਾ (ਜਿਵੇਂ ਕਿ ਕੂਚ 23:32 ਵਿੱਚ ਹੁਕਮ)। ਵਾਇਦੇ ਪੂਰੀ ਕੌਮ ਨੂੰ ਦਿੱਤੇ ਗਏ ਸਨ ਨਾ ਕਿ ਵਿਅਕਤੀਆਂ ਨੂੰ। ਵਿਅਕਤੀ ਕੌਮ ਦੀ ਆਮ ਆਗਿਆਕਾਰੀ ਜਾਂ ਅਣਆਗਿਆਕਾਰੀ ਤੋਂ ਪ੍ਰਭਾਵਿਤ ਹੋਣਗੇ। ਉਦਾਹਰਣ ਵਜੋਂ, ਕੋਈ ਵਿਅਕਤੀ ਬਿਮਾਰ ਹੋ ਸਕਦਾ ਹੈ, ਜਾਂ ਕੋਈ ਔਰਤ ਬੇਔਲਾਦ ਹੋ ਸਕਦੀ ਹੈ, ਆਪਣੇ ਪਾਪ ਕਰਕੇ ਨਹੀਂ ਸਗੋਂ ਇਸ ਲਈ ਕਿਉਂਕਿ ਉਹ ਇੱਕ ਅਜਿਹੀ ਕੌਮ ਵਿੱਚ ਸਨ ਜੋ ਪਰਮੇਸ਼ੁਰ ਪ੍ਰਤੀ ਵਫ਼ਾਦਾਰ ਨਹੀਂ ਸੀ। ਇਸ ਲਈ, ਹੋ ਸਕਦਾ ਹੈ ਕਿ ਇੱਕ ਬੇਔਲਾਦ ਔਰਤ ਆਪਣੇ ਪਾਪ ਦਾ ਨਤੀਜਾ ਨਾ ਭੁਗਤ ਰਹੀ ਹੋਵੇ।
ਬਿਵਸਥਾ ਸਾਰ 7:12-15 ਇਸਰਾਏਲ ਕੌਮ ਨਾਲ ਕੀਤੇ ਵਾਇਦੇ ਵਾਲਾ ਇੱਕ ਭਾਗ ਹੈ। ਖੁਸ਼ਹਾਲੀ ਹੋਵੇਗੀ, ਕੋਈ ਬਿਮਾਰੀ ਨਹੀਂ ਹੋਵੇਗੀ, ਅਤੇ ਮਨੁੱਖਾਂ ਜਾਂ ਜਾਨਵਰਾਂ ਲਈ ਕੋਈ ਬਾਂਝਪਨ ਨਹੀਂ ਹੋਵੇਗਾ। ਆਇਤ 12 ਆਖਦੀ ਹੈ ਕਿ ਇਸਰਾਏਲੀਆਂ ਨੂੰ ਇਹ ਅਸੀਸਾਂ ਮਿਲਣਗੀਆਂ ਜੇਕਰ ਉਹ ਪਰਮੇਸ਼ੁਰ ਦੀ ਆਗਿਆ ਮੰਨਦੇ ਕਿਉਂਕਿ ਪਰਮੇਸ਼ੁਰ ਨੇ ਉਨ੍ਹਾਂ ਦੇ ਪਿਤਾਵਾਂ ਨਾਲ ਇੱਕ ਨੇਮ ਬੰਨ੍ਹਿਆ ਸੀ। ਜੇਕਰ ਕੌਮ ਪਰਮੇਸ਼ੁਰ ਪ੍ਰਤੀ ਵਫ਼ਾਦਾਰ ਨਹੀਂ ਰਹਿੰਦੀ ਤਾਂ ਇਸਰਾਏਲ ਵਿੱਚ ਇੱਕ ਵਿਅਕਤੀ ਗਰੀਬ ਹੋ ਸਕਦਾ ਹੈ, ਜਾਂ ਇੱਕ ਔਰਤ ਬੇਔਲਾਦ ਹੋ ਸਕਦੀ ਹੈ।
ਬੱਚੇ ਆਪਣੇ ਲੋਕਾਂ ਲਈ ਪਰਮੇਸ਼ੁਰ ਦੀ ਯੋਜਨਾ ਲਈ ਮਹੱਤਵਪੂਰਣ ਸਨ। ਇਸ ਕੋਰਸ ਦੇ ਹੋਰ ਹਿੱਸਿਆਂ ਵਿੱਚ, ਅਸੀਂ ਇਸ ਬਾਰੇ ਗੱਲ ਕਰਦੇ ਹਾਂ ਕਿ ਬੱਚਿਆਂ ਦੀ ਕਦਰ ਕਿਵੇਂ ਕੀਤੀ ਜਾਣੀ ਚਾਹੀਦੀ ਹੈ ਕਿਉਂਕਿ ਉਹ ਪਰਮੇਸ਼ੁਰ ਦੇ ਸਰੂਪ ’ਤੇ ਬਣਾਏ ਗਏ ਹਨ। ਹਰ ਬੱਚਾ ਮਹੱਤਵਪੂਰਣ ਹੈ ਅਤੇ ਉਸ ਨਾਲ ਪਿਆਰ ਅਤੇ ਦੇਖਭਾਲ ਨਾਲ ਪੇਸ਼ ਆਉਣਾ ਚਾਹੀਦਾ ਹੈ। ਹਾਲਾਂਕਿ, ਕਈ ਵਾਰ ਲੋਕ ਮਹਿਸੂਸ ਕਰਦੇ ਹਨ ਕਿ ਇੱਕ ਬੱਚਾ ਮਹੱਤਵਪੂਰਣ ਹੈ ਕਿਉਂਕਿ ਉਹ ਭਵਿੱਖ ਵਿੱਚ ਪਰਿਵਾਰ ਨੂੰ ਮਜ਼ਬੂਤ ਰੱਖ ਸਕਦਾ ਹੈ। ਕਈ ਵਾਰ ਇੱਕ ਪਿਤਾ ਬੱਚਿਆਂ ਦੀ ਕਦਰ ਕਰਦਾ ਹੈ ਕਿਉਂਕਿ ਉਹ ਉਸ ਦੀ ਆਪਣੀ ਪਛਾਣ ਦਾ ਵਿਸਥਾਰ ਹੁੰਦੇ ਹਨ। ਸਾਨੂੰ ਯਾਦ ਰੱਖਣ ਦੀ ਲੋੜ ਹੈ ਕਿ ਪਰਮੇਸ਼ੁਰ ਆਪਣੇ ਉਦੇਸ਼ਾਂ ਲਈ ਸਾਨੂੰ ਬੱਚੇ ਦਿੰਦਾ ਹੈ (ਮਲਾਕੀ 2:15)।
► ਸਮੂਹ ਨੂੰ ਜ਼ਬੂਰ 127:3-5 ਨੂੰ ਮਿਲਕੇ ਵੇਖਣਾ ਚਾਹੀਦਾ ਹੈ ਜਦੋਂ ਕੋਈ ਇਸ ਨੂੰ ਉੱਚੀ ਆਵਾਜ਼ ਵਿੱਚ ਪੜ੍ਹਦਾ ਹੈ।
ਬਾਈਬਲ ਦਾ ਇਹ ਹਵਾਲਾ ਆਖਦਾ ਹੈ ਕਿ ਬੱਚੇ ਪਰਮੇਸ਼ੁਰ ਵੱਲੋਂ ਇੱਕ ਅਸੀਸ ਹਨ। ਉਹ ਇੱਕ ਮਿਰਾਸ ਦੇ ਵਾਂਗ ਹਨ ਜਿਸ ਨੂੰ ਪਰਮੇਸ਼ੁਰ ਅਸੀਸ ਦਿੰਦਾ ਹੈ। ਉਹ ਪਰਮੇਸ਼ੁਰ ਵੱਲੋਂ ਇੱਕ ਇਨਾਮ ਹਨ। ਉਹ ਭਵਿੱਖ ਵਿੱਚ ਪਰਿਵਾਰ ਦੀ ਸੁਰੱਖਿਆ ਅਤੇ ਪਰਿਵਾਰ ਦਾ ਭਰੋਸਾ ਹਨ।
ਦੋ ਅਸੀਸਾਂ ਜਿਨ੍ਹਾਂ ਬਾਰੇ ਕਈ ਵਾਰ ਵਚਨ ਵਿੱਚ ਇਕੱਠੇ ਗੱਲ ਕੀਤੀ ਜਾਂਦੀ ਹੈ ਉਹ ਲੰਬੀ ਉਮਰ ਅਤੇ ਪੋਤੇ-ਪੋਤੀਆਂ ਹਨ। ਅੱਯੂਬ ਨੂੰ ਅਸੀਸ ਦਿੱਤੀ ਗਈ ਕਿਉਂਕਿ ਉਸ ਦੇ ਦਸ ਬੱਚੇ ਸਨ ਅਤੇ ਉਹ ਚਾਰ ਪੀੜ੍ਹੀਆਂ ਨੂੰ ਵੇਖਣ ਲਈ ਕਾਫ਼ੀ ਲੰਮਾ ਸਮਾਂ ਜੀਉਂਦਾ ਰਿਹਾ (ਅੱਯੂਬ 42:13, 16)। ਜ਼ਬੂਰ 128:6 ਦੀ ਅਸੀਸ ਤੁਹਾਡੇ ਪੋਤੇ-ਪੋਤੀਆਂ ਨੂੰ ਵੇਖਣ ਲਈ ਜੀਉਣ ਦਾ ਤੋਹਫ਼ਾ ਹੈ।
ਪਰਮੇਸ਼ੁਰ ਨੇ ਯੋਨਾਦਾਬ ਦੇ ਪਰਿਵਾਰ ਨੂੰ ਇਸ ਵਾਇਦੇ ਨਾਲ ਅਸੀਸ ਦਿੱਤੀ ਕਿ ਪਰਿਵਾਰ ਦੀ ਅਗਲੀ ਪੀੜ੍ਹੀ ਦੀ ਅਗਵਾਈ ਕਰਨ ਲਈ ਹਮੇਸ਼ਾ ਇੱਕ ਆਦਮੀ ਹੋਵੇਗਾ (ਯਿਰਮਿਯਾਹ 35:19)। ਪਰਮੇਸ਼ੁਰ ਨੇ ਰਾਜਾ ਦਾਊਦ ਦੇ ਪਰਿਵਾਰ ਨਾਲ ਵਾਇਦਾ ਕੀਤਾ ਸੀ ਕਿ ਉਨ੍ਹਾਂ ਕੋਲ ਹਮੇਸ਼ਾ ਇੱਕ ਆਦਮੀ ਹੋਵੇਗਾ ਜੋ ਸਿੰਘਾਸਣ 'ਤੇ ਬੈਠੇਗਾ (2 ਸਮੂਏਲ 7:16)।
ਇਸ ਲਈ ਅਸੀਂ ਵੇਖਦੇ ਹਾਂ ਕਿ ਪਰਿਵਾਰ ਲਈ ਪਰਮੇਸ਼ੁਰ ਦੀਆਂ ਅਸੀਸਾਂ ਵਿੱਚ ਆਮ ਤੌਰ 'ਤੇ ਬੱਚੇ ਸ਼ਾਮਲ ਹੁੰਦੇ ਹਨ, ਅਤੇ ਬੱਚੇ ਇੱਕ ਅਜਿਹਾ ਤਰੀਕਾ ਹਨ ਜਿਸ ਨਾਲ ਪਰਮੇਸ਼ੁਰ ਦੀਆਂ ਅਸੀਸਾਂ ਆਉਣ ਵਾਲੀਆਂ ਪੀੜ੍ਹੀਆਂ ਤੱਕ ਪਹੁੰਚਦੀਆਂ ਹਨ।
ਕੁਝ ਮਾਮਲਿਆਂ ਵਿੱਚ ਬੇਔਲਾਦ ਹੋਣ ਦਾ ਮਤਲਬ ਇਹ ਹੋ ਸਕਦਾ ਹੈ ਕਿ ਪਰਮੇਸ਼ੁਰ ਨੇ ਇੱਕ ਪਰਿਵਾਰ ਨੂੰ ਸਰਾਪ ਦਿੱਤਾ ਹੈ। ਬਾਈਬਲ ਸਾਨੂੰ ਉਨ੍ਹਾਂ ਮਾਮਲਿਆਂ ਬਾਰੇ ਦੱਸਦੀ ਹੈ ਜਿੱਥੇ ਪਰਮੇਸ਼ੁਰ ਨੇ ਪਰਿਵਾਰਾਂ ਨੂੰ ਬਾਂਝਪਣ ਦਾ ਸਰਾਪ ਦਿੱਤਾ ਸੀ। ਉਦਾਹਰਣ ਦੇ ਲਈ, ਕਿਉਂਕਿ ਰਾਜਾ ਅਬੀਮਲਕ ਨੇ ਗਲਤ ਕੀਤਾ ਸੀ, ਪਰਮੇਸ਼ੁਰ ਨੇ ਉਸ ਦੇ ਘਰ ਦੀਆਂ ਸਾਰੀਆਂ ਔਰਤਾਂ ਨੂੰ ਤਦ ਤਕ ਬੱਚੇ ਪੈਦਾ ਕਰਨ ਤੋਂ ਰੋਕ ਦਿੱਤਾ ਸੀ, ਜਦੋਂ ਤੱਕ ਉਸ ਨੇ ਆਪਣੀ ਗਲਤੀ ਨੂੰ ਸੁਧਾਰ ਨਹੀਂ ਲਈ (ਉਤਪਤ 20:18)। ਔਰਤਾਂ ਦੋਸ਼ੀ ਨਹੀਂ ਸਨ, ਪਰ ਉਨ੍ਹਾਂ ਨੇ ਰਾਜੇ ਦੇ ਪਾਪ ਦੇ ਨਤੀਜਾ ਦਾ ਅਨੁਭਵ ਕੀਤਾ।
ਆਦਮ ਅਤੇ ਹੱਵਾਹ ਦੇ ਪਾਪ ਕਰਨ ਤੋਂ ਬਾਅਦ, ਪਰਮੇਸ਼ੁਰ ਨੇ ਆਖਿਆ ਕਿ ਦੁਨੀਆਂ ਉਨ੍ਹਾਂ ਦੇ ਪਾਪ ਤੋਂ ਪ੍ਰਭਾਵਿਤ ਹੋਵੇਗੀ। ਸਰਾਪ ਵਿੱਚ ਮੁਸ਼ਕਲ ਮਨੁੱਖੀ ਰਿਸ਼ਤੇ, ਬੱਚੇ ਪੈਦਾ ਕਰਨ ਵਿੱਚ ਦਰਦ ਅਤੇ ਦੁੱਖ, ਮੁਸ਼ਕਲ ਕੰਮ, ਖੇਤੀ ਪ੍ਰਤੀ ਧਰਤੀ ਦਾ ਵਿਰੋਧ, ਅਤੇ ਅੰਤ ਵਿੱਚ ਮੌਤ ਸ਼ਾਮਲ ਸੀ (ਉਤਪਤ 3:14-19)। ਆਦਮ ਤੋਂ ਲੈ ਕੇ ਹਰ ਮਨੁੱਖ ਨੇ ਜਨਮ ਤੋਂ ਹੀ ਸਰਾਪ ਦਾ ਅਨੁਭਵ ਕੀਤਾ ਹੈ, ਇੱਥੋਂ ਤੱਕ ਕਿ ਨਿੱਜੀ ਤੌਰ ’ਤੇ ਕੋਈ ਪਾਪ ਕਰਨ ਤੋਂ ਪਹਿਲਾਂ ਹੀ। ਇੱਥੋਂ ਤੱਕ ਕਿ ਯਿਸੂ, ਜੋ ਕਿ ਬਿਲਕੁਲ ਪਾਪ ਰਹਿਤ ਸੀ, ਇੱਕ ਮਨੁੱਖੀ ਸਰੀਰ ਦੇ ਨਾਲ ਸ੍ਰਿਸ਼ਟੀ ਵਿੱਚ ਦਾਖਲ ਹੋਇਆ ਜਿਸ ਨੇ ਸਰਾਪ ਦੀਆਂ ਸਥਿੱਤੀਆਂ ਨੂੰ ਸਹਿਣ ਕੀਤਾ। ਇਸ ਲਈ, ਸਾਨੂੰ ਇਹ ਨਹੀਂ ਆਖਣਾ ਚਾਹੀਦਾ ਕਿ ਇੱਕ ਵਿਅਕਤੀ ਦਾ ਦੁੱਖ ਉਸਦੇ ਆਪਣੇ ਪਾਪ ਕਾਰਨ ਹੈ। ਅਸੀਂ ਸਾਰੇ ਬੁੱਢੇ ਹੁੰਦੇ ਹਾਂ, ਅਸੀਂ ਬਿਮਾਰ ਹੁੰਦੇ ਹਾਂ, ਅਸੀਂ ਕਈ ਤਰੀਕਿਆਂ ਨਾਲ ਦੁੱਖ ਝੱਲਦੇ ਹਾਂ, ਅਤੇ ਅੰਤ ਵਿੱਚ ਮਰ ਜਾਂਦੇ ਹਾਂ। ਇਹ ਸਮੱਸਿਆਵਾਂ, ਬੱਚੇ ਪੈਦਾ ਕਰਨ ਦੀਆਂ ਸਮੱਸਿਆਵਾਂ ਦੇ ਨਾਲ, ਆਦਮ ਦੇ ਪਹਿਲੇ ਪਾਪ ਦੇ ਨਤੀਜੇ ਹਨ।
ਆਦਮ ਦੇ ਮੂਲ ਪਾਪ ਤੋਂ ਇਲਾਵਾ, ਅਸੀਂ ਆਪਣੇ ਪੁਰਖਿਆਂ ਦੇ ਪਾਪਾਂ ਤੋਂ ਪ੍ਰਭਾਵਿਤ ਹੁੰਦੇ ਹਾਂ, ਕਿਉਂਕਿ ਉਨ੍ਹਾਂ ਦੇ ਕੰਮਾਂ ਨੇ ਉਹ ਸਮਾਜ ਬਣਾਇਆ ਹੈ ਜਿਸ ਵਿੱਚ ਅਸੀਂ ਪੈਦਾ ਹੋਏ ਹਾਂ। ਅਸੀਂ ਆਪਣੇ ਪਰਿਵਾਰ, ਭਾਈਚਾਰੇ ਅਤੇ ਕੌਮ ਦੇ ਪਾਪਾਂ ਤੋਂ ਪ੍ਰਭਾਵਿਤ ਹੁੰਦੇ ਹਾਂ। ਦੁਨੀਆ ਵਿੱਚ ਹਰ ਜਗ੍ਹਾ ਵਿਸ਼ਵਾਸੀ ਇੱਕ ਅਜਿਹੇ ਸਮਾਜ ਦੁਆਰਾ ਬਣਾਈਆਂ ਗਈਆਂ ਸਥਿੱਤੀਆਂ ਦਾ ਸਾਹਮਣਾ ਕਰਦੇ ਹਨ ਜਿਨ੍ਹਾਂ ਨੂੰ ਉਹ ਨਿਯੰਤਰਿਤ ਨਹੀਂ ਕਰਦੇ ਹਨ। ਇੱਕ ਪਰਿਵਾਰ ਗਰੀਬੀ ਦਾ ਅਨੁਭਵ ਕਰ ਸਕਦਾ ਹੈ ਕਿਉਂਕਿ ਉਹ ਅਜਿਹੀ ਜਗ੍ਹਾ ’ਤੇ ਹਨ ਜਿੱਥੇ ਬਹੁਤ ਘੱਟ ਆਜ਼ਾਦੀ ਅਤੇ ਮੌਕੇ ਹਨ। ਇੱਕ ਬੱਚਾ ਸਰੀਰਕ ਨੁਕਸ ਨਾਲ ਪੈਦਾ ਹੋ ਸਕਦਾ ਹੈ ਹਾਲਾਂਕਿ ਉਸ ਨੇ ਪਾਪ ਕਰਨ ਦਾ ਕੋਈ ਵਿਕਲਪ ਨਹੀਂ ਚੁਣਿਆ ਹੈ (ਯੂਹੰਨਾ 9:1-3)।
ਅਸੀਂ ਮਾਪਿਆਂ ਨੂੰ ਬੱਚੇ ਦੇਣ ਜਾਂ ਇੱਕ ਜੋੜੇ ਨੂੰ ਬੇਔਲਾਦ ਰੱਖਣ ਦੇ ਲਈ ਪਰਮੇਸ਼ੁਰ ਦੇ ਕਾਰਣਾਂ ਨੂੰ ਨਹੀਂ ਜਾਣਦੇ ਹਾਂ। ਕਈ ਵਾਰ ਲਾਪਰਵਾਹ ਅਤੇ ਪਾਪ ਵਿੱਚ ਰਹਿਣ ਵਾਲੇ ਵਿਦਰੋਹੀ ਲੋਕਾਂ ਦੇ ਬਹੁਤ ਸਾਰੇ ਬੱਚੇ ਹੁੰਦੇ ਹਨ ਅਤੇ ਉਹ ਉਨ੍ਹਾਂ ਦੀ ਪਰਵਰਿਸ਼ ਉਸ ਤਰੀਕੇ ਨਾਲ ਨਹੀਂ ਕਰਦੇ ਜੋ ਪਰਮੇਸ਼ੁਰ ਨੂੰ ਵਡਿਆਈ ਦਿੰਦਾ ਹੈ (ਜ਼ਬੂਰ 17:14)। ਕਈ ਵਾਰ ਵਫ਼ਾਦਾਰ ਵਿਸ਼ਵਾਸੀਆਂ ਦੇ ਬੱਚੇ ਨਹੀਂ ਹੁੰਦੇ। ਯਕੀਨਨ ਸਾਨੂੰ ਇਹ ਨਹੀਂ ਮੰਨਣਾ ਚਾਹੀਦਾ ਕਿ ਬਾਂਝਪਣ ਕਿਸੇ ਵਿਅਕਤੀ ਦੇ ਪਾਪ ਦਾ ਨਤੀਜਾ ਹੈ।
ਅਸੀਂ ਜਾਣਦੇ ਹਾਂ ਕਿ ਪਰਮੇਸ਼ੁਰ ਜਦੋਂ ਵੀ ਚਾਹੇ ਇਲਾਜ ਅਤੇ ਅਸੀਸ ਦੇ ਨਾਲ ਦਖਲ ਦੇ ਸਕਦਾ ਹੈ, ਪਰ ਆਮ ਤੌਰ ’ਤੇ, ਵਿਸ਼ਵਾਸੀ ਸੰਸਾਰ ਦੇ ਹਾਲਾਤਾਂ ਨੂੰ ਸਹਿਣ ਕਰਦੇ ਹਨ। ਅਸੀਂ ਵਿਸ਼ਵਾਸ ਵਿੱਚ ਉਸ ਸਮੇਂ ਦੀ ਉਡੀਕ ਕਰਦੇ ਹਾਂ ਜਦੋਂ ਪਰਮੇਸ਼ੁਰ ਆਪਣੀ ਸ੍ਰਿਸ਼ਟੀ ਨੂੰ ਨਵਾਂ ਕਰੇਗਾ (ਰੋਮੀਆਂ 8:18-23)।
ਕਿਸੇ ਔਰਤ ਨੂੰ ਬੇਔਲਾਦ ਹੋਣ ਲਈ ਦੋਸ਼ੀ ਠਹਿਰਾਉਣਾ ਉਚਿੱਤ ਨਹੀਂ ਹੈ, ਜਿਵੇਂ ਕਿ ਉਸ ਦੇ ਆਪਣੇ ਪਾਪ ਦੇ ਕਾਰਣ ਸਰਾਪ ਆਇਆ ਹੋਵੇ। ਇਸੇ ਤਰ੍ਹਾਂ, ਜਦੋਂ ਇੱਕ ਬੱਚਾ ਜਨਮ ਤੋਂ ਪਹਿਲਾਂ ਮਰ ਜਾਂਦਾ ਹੈ, ਤਾਂ ਮੌਤ ਆਮ ਤੌਰ 'ਤੇ ਮਾਂ ਦੁਆਰਾ ਕੀਤੇ ਕਿਸੇ ਵੀ ਕੰਮ ਦੇ ਕਾਰਣ ਨਹੀਂ ਹੁੰਦੀ। ਵਿਅਕਤੀ ਆਦਮ ਦੇ ਪਾਪ, ਦੂਜਿਆਂ ਦੇ ਪਾਪਾਂ ਅਤੇ ਸੰਸਾਰ ਦੀ ਆਮ ਸਥਿੱਤੀ ਦੇ ਕਾਰਣ ਕਈ ਤਰੀਕਿਆਂ ਨਾਲ ਦੁੱਖ ਝੱਲਦੇ ਹਨ। ਕਿਉਂਕਿ ਸਾਰਿਆਂ ਨੇ ਪਾਪ ਕੀਤਾ ਹੈ, ਮਨੁੱਖਤਾ ਦੁਨੀਆ ਦੀ ਹਾਲਾਤ ਲਈ ਸਾਂਝੇ ਤੌਰ ’ਤੇ ਜ਼ਿੰਮੇਵਾਰ ਹੈ, ਪਰ ਵਿਅਕਤੀ ਬਹੁਤ ਸਾਰੇ ਖਾਸ ਤਰੀਕਿਆਂ ਨਾਲ ਦੁੱਖ ਝੱਲਦੇ ਹਨ।
ਯਿਸੂ ਨੇ ਉਦੋਂ ਪਰਮੇਸ਼ੁਰ ਦਾ ਪਿਆਰ ਵਿਖਾਇਆ ਜਦੋਂ ਉਸ ਨੇ ਚੰਗਾਈ ਦਿੱਤੀ ਅਤੇ ਹੋਰ ਚਮਤਕਾਰ ਕੀਤੇ। ਬਾਈਬਲ ਵਿੱਚ ਦਰਜ ਇਤਿਹਾਸ ਦੌਰਾਨ, ਅਸੀਂ ਪਰਮੇਸ਼ੁਰ ਦੇ ਆਪਣੇ ਲੋਕਾਂ ਲਈ ਕੀਤੇ ਗਏ ਚਮਤਕਾਰਾਂ ਦੀਆਂ ਬਹੁਤ ਸਾਰੀਆਂ ਉਦਾਹਰਣਾਂ ਵੇਖਦੇ ਹਾਂ।
ਪਰਮੇਸ਼ੁਰ ਚਾਹੁੰਦਾ ਹੈ ਕਿ ਅਸੀਂ ਸੁੰਦਰਤਾ ਦੀ ਦੁਨੀਆਂ ਵਿੱਚ ਖੁਸ਼ੀ ਨਾਲ ਅਤੇ ਦੁੱਖਾਂ ਤੋਂ ਬਿਨਾਂ ਜੀਈਏ (ਉਤਪਤ 1:28, 31, 1 ਤਿਮੋਥਿਉਸ 6:17)। ਹਾਲਾਂਕਿ, ਪਰਮੇਸ਼ੁਰ ਦੀ ਪਹਿਲੀ ਤਰਜੀਹ ਸਾਨੂੰ ਪਾਪ ਤੋਂ ਬਚਾਉਣਾ ਹੈ ਤਾਂ ਜੋ ਅਸੀਂ ਉਸ ਨਾਲ ਇੱਕ ਸਦੀਪਕ ਰਿਸ਼ਤੇ ਦਾ ਆਨੰਦ ਮਾਣ ਸਕੀਏ। ਪਾਪੀਆਂ ਦੀ ਮੁਕਤੀ ਵਿੱਚ ਸਮਾਂ ਲੱਗਦਾ ਹੈ ਕਿਉਂਕਿ ਲੋਕਾਂ ਨੂੰ ਤੋਬਾ ਕਰਨ ਅਤੇ ਵਿਸ਼ਵਾਸ ਕਰਨ ਦਾ ਫੈਸਲਾ ਲੈਣਾ ਚਾਹੀਦਾ ਹੈ। ਜੇਕਰ ਪਰਮੇਸ਼ੁਰ ਹੁਣ ਸਾਰੇ ਦੁੱਖਾਂ ਨੂੰ ਖਤਮ ਕਰ ਦਿੰਦਾ ਹੈ, ਤਾਂ ਬਹੁਤ ਘੱਟ ਲੋਕ ਤੋਬਾ ਕਰਨਗੇ, ਕਿਉਂਕਿ ਉਹ ਪਾਪ ਦੀ ਬੁਰਾਈ ਨੂੰ ਨਹੀਂ ਸਮਝਣਗੇ। ਇਸ ਲਈ ਹੁਣ, ਆਮ ਤੌਰ 'ਤੇ ਦੁੱਖ ਜਾਰੀ ਰਹਿਣਾ ਚਾਹੀਦਾ ਹੈ ਜਦੋਂ ਤੱਕ ਖੁਸ਼ਖਬਰੀ ਦਾ ਪਰਚਾਰ ਪੂਰੀ ਦੁਨੀਆ ਵਿੱਚ ਕੀਤਾ ਜਾ ਰਿਹਾ ਹੈ। ਅਸੀਂ ਇਹ ਉਮੀਦ ਨਹੀਂ ਕਰ ਸਕਦੇ ਕਿ ਚਮਤਕਾਰ ਸਾਡੀਆਂ ਸਾਰੀਆਂ ਸਮੱਸਿਆਵਾਂ ਨੂੰ ਹੱਲ ਕਰਨਗੇ ਅਤੇ ਸਾਡੇ ਸਾਰੇ ਦੁੱਖ ਦੂਰ ਕਰ ਦੇਣਗੇ, ਹਾਲਾਂਕਿ ਪਰਮੇਸ਼ੁਰ ਸਾਡੇ ਲਈ ਕਦੇ-ਕਦੇ ਚਮਤਕਾਰ ਕਰਦਾ ਹੈ। ਅੰਤ ਵਿੱਚ, ਸਾਰੇ ਦੁੱਖ ਉਨ੍ਹਾਂ ਲਈ ਖਤਮ ਹੋ ਜਾਣਗੇ ਜੋ ਪਰਮੇਸ਼ੁਰ ਨਾਲ ਰਿਸ਼ਤੇ ਵਿੱਚ ਆ ਜਾਂਦੇ ਹਨ। ਪਰ ਇਸ ਦੌਰਾਨ, ਪਰਮੇਸ਼ੁਰ ਸਾਡੇ ਦੁੱਖਾਂ ਵਿੱਚ ਸਾਡੇ ਨਾਲ ਸੋਗ ਕਰਦਾ ਹੈ (ਯੂਹੰਨਾ 11:35) ਅਤੇ ਸਾਨੂੰ ਕਈ ਤਰੀਕਿਆਂ ਨਾਲ ਦਿਲਾਸਾ ਦਿੰਦਾ ਹੈ (2 ਕੁਰਿੰਥੀਆਂ 1:3-7)।
ਪਰਮੇਸ਼ੁਰ ਦੇ ਚਮਤਕਾਰਾਂ ਵਿੱਚੋਂ ਇੱਕ ਚਮਤਕਾਰ ਇੱਕ ਬੇਔਲਾਦ ਔਰਤ ਨੂੰ ਬੱਚਿਆਂ ਦੀ ਮਾਂ ਬਣਾਉਣਾ ਹੈ (ਜ਼ਬੂਰ 113:9)।
ਬਾਈਬਲ ਵਿੱਚ ਘੱਟੋ-ਘੱਟ ਛੇ ਵਾਰ ਉਸ ਬਾਰੇ ਦਰਜ ਕੀਤਾ ਗਿਆ ਹੈ, ਜਦੋਂ ਪਰਮੇਸ਼ੁਰ ਨੇ ਇੱਕ ਬੇਔਲਾਦ ਔਰਤ ਨੂੰ ਪੁੱਤਰ ਦਿੱਤਾ। ਹਾਲਾਂਕਿ ਪਰਮੇਸ਼ੁਰ ਨੇ ਇਹ ਚਮਤਕਾਰ ਹੋਰ ਵੀ ਕਈ ਵਾਰ ਕੀਤਾ ਹੈ, ਪਰ ਇਹ ਛੇ ਵਾਰ ਦਰਜ ਕੀਤਾ ਗਿਆ ਸੀ ਕਿਉਂਕਿ ਉਹ ਬੱਚੇ ਇਤਿਹਾਸ ਵਿੱਚ ਮਹੱਤਵਪੂਰਣ ਸਨ। ਇਸਹਾਕ ਦਾ ਜਨਮ ਸਾਰਾਹ ਤੋਂ ਹੋਇਆ ਸੀ (ਉਤਪਤ 21:1-3)। ਯਾਕੂਬ ਅਤੇ ਏਸਾਓ ਦਾ ਜਨਮ ਰਿਬਕਾਹ ਤੋਂ ਹੋਇਆ ਸੀ (ਉਤਪਤ 25:21, 25-26)। ਯੂਸੁਫ਼ ਦਾ ਜਨਮ ਰਾਖੇਲ ਤੋਂ ਹੋਇਆ ਸੀ (ਉਤਪਤ 30:22-24)। ਸਮਸੂਨ ਦਾ ਜਨਮ ਮਨੋਆਹ ਦੀ ਪਤਨੀ ਤੋਂ ਹੋਇਆ ਸੀ (ਨਿਆਈਆਂ 13:2-3, 24)। ਸਮੂਏਲ ਦਾ ਜਨਮ ਹੰਨਾਹ ਤੋਂ ਹੋਇਆ ਸੀ (1 ਸਮੂਏਲ 1:20)। ਯੂਹੰਨਾ ਦਾ ਜਨਮ ਇਲੀਸਬਤ ਤੋਂ ਹੋਇਆ ਸੀ (ਲੂਕਾ 1:13, 57)।
ਇਨ੍ਹਾਂ ਛੇ ਮਾਮਲਿਆਂ ਵਿੱਚੋਂ ਹਰੇਕ ਵਿੱਚ, ਜੋੜੇ ਨੇ ਦੁੱਖ ਦਾ ਅਨੁਭਵ ਕੀਤਾ ਸੀ ਕਿਉਂਕਿ ਪਤਨੀ ਬੇਔਲਾਦ ਸੀ। ਬਾਈਬਲ ਦੇ ਰਿਕਾਰਡ ਵਿੱਚ, ਪਰਮੇਸ਼ੁਰ ਨੇ ਔਰਤ ਦੇ ਬੱਚੇ ਦੀ ਘਾਟ ਲਈ ਕਿਸੇ ਨੂੰ ਦੋਸ਼ੀ ਨਹੀਂ ਠਹਿਰਾਇਆ। ਬਾਈਬਲ ਇਸ ਗੱਲ ਦਾ ਕੋਈ ਸੰਕੇਤ ਨਹੀਂ ਦਿੰਦੀ ਕਿ ਪਰਮੇਸ਼ੁਰ ਕਿਸੇ ਵੀ ਮਾਤਾ-ਪਿਤਾ ਤੋਂ ਨਾਰਾਜ਼ ਸੀ। ਲੂਕਾ 1:5-7 ਆਖਦੀ ਹੈ ਕਿ ਜ਼ਕਰਯਾਹ ਅਤੇ ਇਲੀਸਬਤ ਪਰਮੇਸ਼ੁਰ ਦੇ ਸਾਹਮਣੇ ਧਰਮੀ ਸਨ, ਪੂਰੀ ਤਰ੍ਹਾਂ ਉਸ ਦੇ ਹੁਕਮਾਂ ਦੀ ਪਾਲਣਾ ਕਰਦੇ ਸਨ, ਫਿਰ ਵੀ ਉਹ ਬੁਢਾਪੇ ਤੱਕ ਬੇਔਲਾਦ ਸਨ। ਇਸ ਗੱਲ ਦਾ ਕੋਈ ਰਿਕਾਰਡ ਨਹੀਂ ਹੈ ਕਿ ਇਨ੍ਹਾਂ ਛੇ ਬਿਰਤਾਂਤਾਂ ਵਿੱਚ ਕਿਸੇ ਵੀ ਮਾਤਾ-ਪਿਤਾ ਨੇ ਉਦੋਂ ਤੋਬਾ ਕੀਤੀ ਜਾਂ ਪਾਪ ਕਬੂਲ ਕੀਤਾ ਜਦੋਂ ਉਨ੍ਹਾਂ ਨੇ ਚਮਤਕਾਰ ਲਈ ਪ੍ਰਾਰਥਨਾ ਕੀਤੀ ਸੀ। ਮਾਪਿਆਂ ਲਈ ਪਰਮੇਸ਼ੁਰ ਦੇ ਸੰਦੇਸ਼ਾਂ ਵਿੱਚ ਇਸ ਦਾ ਕੋਈ ਕਾਰਨ ਨਹੀਂ ਦੱਸਿਆ ਗਿਆ ਹੈ ਕਿ ਉਨ੍ਹਾਂ ਦੇ ਪਹਿਲਾਂ ਹੀ ਬੱਚੇ ਕਿਉਂ ਨਹੀਂ ਸਨ। ਇਹ ਮਾਮਲੇ ਇਸ ਸੱਚਾਈ ਨੂੰ ਦਰਸਾਉਂਦੇ ਹਨ ਕਿ ਲੋਕਾਂ ਨੂੰ ਬੇਔਲਾਦ ਹੋਣ ਲਈ ਵਿਅਕਤੀਗਤ ਤੌਰ 'ਤੇ ਦੋਸ਼ੀ ਨਹੀਂ ਠਹਿਰਾਇਆ ਜਾਣਾ ਚਾਹੀਦਾ।
ਸਾਡੇ ਲਈ ਇਹ ਪ੍ਰਾਰਥਨਾ ਕਰਨਾ ਉਚਿੱਤ ਹੈ ਕਿ ਪਰਮੇਸ਼ੁਰ ਬੱਚਿਆਂ ਦੀ ਬਰਕਤ ਦੇਵੇ, ਪਰ ਅੰਤ ਵਿੱਚ, ਸਾਨੂੰ ਪਰਮੇਸ਼ੁਰ ਦੇ ਫੈਸਲੇ ਨੂੰ ਸਵੀਕਾਰ ਕਰਨਾ ਚਾਹੀਦਾ ਹੈ। ਸਾਨੂੰ ਇਹ ਨਹੀਂ ਮੰਨਣਾ ਚਾਹੀਦਾ ਕਿ ਇਹ ਪਰਮੇਸ਼ੁਰ ਦੀ ਇੱਛਾ ਹੈ ਕਿ ਉਹ ਹਰ ਮਾਮਲੇ ਵਿੱਚ ਬੱਚਾ ਦੇਵੇ, ਜਿਵੇਂ ਪਰਮੇਸ਼ੁਰ ਬਿਮਾਰੀ ਦੇ ਹਰ ਮਾਮਲੇ ਨੂੰ ਠੀਕ ਨਹੀਂ ਕਰਦਾ ਜਾਂ ਹਰ ਤਰ੍ਹਾਂ ਦੇ ਦੁੱਖ ਨੂੰ ਦੂਰ ਨਹੀਂ ਕਰਦਾ।
ਰਸੂਲ ਪੌਲੁਸ ਨੇ ਉਸ ਕਿਸੇ ਗੱਲ ਬਾਰੇ ਤਿੰਨ ਵਾਰ ਪ੍ਰਾਰਥਨਾ ਕੀਤੀ ਜਿਸ ਬਾਰੇ ਉਸ ਨੇ ਆਖਿਆ ਸੀ ਕਿ ਉਹ ਉਸ ਦੇ ਸਰੀਰ ਵਿੱਚ ਇੱਕ ਕੰਡੇ ਵਾਂਗ ਸੀ (2 ਕੁਰਿੰਥੀਆਂ 12:7-10)। ਸਾਨੂੰ ਨਹੀਂ ਪਤਾ ਕਿ ਖਾਸ ਸਮੱਸਿਆ ਕੀ ਸੀ, ਪਰ ਅਜਿਹਾ ਲੱਗਦਾ ਹੈ ਕਿ ਇਹ ਕੁਝ ਸਰੀਰਕ ਸੀ। ਇਹ ਕੁਝ ਅਜਿਹਾ ਸੀ ਜਿਸ ਬਾਰੇ ਉਸ ਨੂੰ ਉਮੀਦ ਸੀ ਕਿ ਪਰਮੇਸ਼ੁਰ ਇਸ ਨੂੰ ਬਦਲੇਗਾ, ਇਸ ਲਈ ਉਸ ਨੇ ਇੱਕ ਚਮਤਕਾਰ ਲਈ ਪ੍ਰਾਰਥਨਾ ਕੀਤੀ। ਪਰਮੇਸ਼ੁਰ ਨੇ ਉਸ ਨੂੰ ਆਖਿਆ ਕਿ ਕੰਡੇ ਨੂੰ ਹਟਾਉਣ ਦੀ ਬਜਾਏ, ਉਹ ਕਿਰਪਾ ਦੇਵੇਗਾ ਜੋ ਉਸ ਦੀ ਕਮਜ਼ੋਰੀ ਤੋਂ ਵੱਡੀ ਹੋਵੇਗੀ। ਪੌਲੁਸ ਨੇ ਆਖਿਆ ਕਿ ਇਹ ਖਾਸ ਕਮਜ਼ੋਰੀ ਪਰਮੇਸ਼ੁਰ ਨੂੰ ਮਹਿਮਾ ਦੇਵੇਗੀ ਕਿਉਂਕਿ ਇਸ ਨੇ ਉਸ ਨੂੰ ਪਰਮੇਸ਼ੁਰ ਦੀ ਸ਼ਕਤੀ ਨੂੰ ਵਿਖਾਉਣ ਵਿੱਚ ਮਦਦ ਕੀਤੀ ਸੀ। ਪੌਲੁਸ ਨੇ ਅੱਗੇ ਆਖਿਆ ਕਿ ਉਹ ਕਮਜ਼ੋਰੀਆਂ ਅਤੇ ਦੁੱਖਾਂ ਬਾਰੇ ਖੁਸ਼ ਹੋਵੇਗਾ, ਕਿਉਂਕਿ ਉਹ ਇੱਕ ਅਜਿਹੀ ਸਥਿੱਤੀ ਪ੍ਰਦਾਨ ਕਰਦੇ ਹਨ ਤਾਂ ਜੋ ਪਰਮੇਸ਼ੁਰ ਦੀ ਮਹਿਮਾ ਕੀਤੀ ਜਾ ਸਕੇ।
ਰਸੂਲ ਪੌਲੁਸ ਇੱਕ ਬਹੁਤ ਵੱਡੇ ਵਿਸ਼ਵਾਸ ਵਾਲਾ ਆਦਮੀ ਸੀ, ਪਰ ਉਸ ਨੂੰ ਹਮੇਸ਼ਾ ਉਹ ਚਮਤਕਾਰ ਨਹੀਂ ਮਿਲੇ ਜੋ ਉਹ ਚਾਹੁੰਦਾ ਸੀ। ਉਸ ਨੇ ਪਰਮੇਸ਼ੁਰ ਦੀ ਇੱਛਾ ਨੂੰ ਸਵੀਕਾਰ ਕੀਤਾ। ਹਾਲਾਂਕਿ ਅਸੀਂ ਹਮੇਸ਼ਾਂ ਪਰਮੇਸ਼ੁਰ ਵੱਲੋਂ ਅਸੀਸ ਦੇ ਇੱਕ ਚਮਤਕਾਰ ਨੂੰ ਤਰਜੀਹ ਦਿੰਦੇ ਹਾਂ, ਸਾਨੂੰ ਪਰਮੇਸ਼ੁਰ ਦੇ ਫੈਸਲਿਆਂ ਨੂੰ ਸਵੀਕਾਰ ਕਰਨਾ ਚਾਹੀਦਾ ਹੈ। ਕਈ ਵਾਰ ਉਹ ਸਾਡੀਆਂ ਕਮਜ਼ੋਰੀਆਂ ਰਾਹੀਂ ਕੰਮ ਕਰਨ ਦੇ ਤਰੀਕੇ ਨਾਲ ਵਧੇਰੇ ਮਹਿਮਾ ਪ੍ਰਾਪਤ ਕਰਦਾ ਹੈ।
► ਇੱਕ ਅਜਿਹੇ ਸਮੇਂ ਦੀ ਉਦਾਹਰਣ ਦਿਓ ਜਦੋਂ ਪਰਮੇਸ਼ੁਰ ਨੇ ਤੁਹਾਡੇ ਜੀਵਨ ਵਿੱਚ ਆਪਣੀ ਦੇਖਭਾਲ ਵਿਖਾਈ, ਬਿਨਾਂ ਕਿਸੇ ਚਮਤਕਾਰ ਦੇ ਜਿਸ ਦੀ ਤੁਸੀਂ ਉਮੀਦ ਕੀਤੀ ਸੀ।
ਸਾਰੇ ਸੱਭਿਆਚਾਰ ਬੱਚਿਆਂ ਦੀ ਕਦਰ ਕਰਨ ਦੇ ਤਰੀਕੇ ਵਿੱਚ ਇੱਕੋ ਜਿਹੇ ਨਹੀਂ ਹੁੰਦੇ। ਕੁਝ ਦੇਸਾਂ ਵਿੱਚ, ਪਰਿਵਾਰ ਬਹੁਤ ਸਾਰੇ ਬੱਚੇ ਪੈਦਾ ਕਰਨਾ ਚਾਹੁੰਦੇ ਹਨ। ਬੱਚੇ ਪਰਿਵਾਰ ਦਾ ਸਮਰਥਨ ਕਰਨ ਵਾਲੇ ਕੰਮ ਵਿੱਚ ਮਦਦ ਕਰ ਸਕਦੇ ਹਨ। ਵਿਸਤ੍ਰਿਤ ਪਰਿਵਾਰ ਦੇ ਮੈਂਬਰ, ਚਚੇਰੇ ਭਰਾਵਾਂ ਅਤੇ ਚਾਚਿਆਂ ਅਤੇ ਹੋਰਾਂ ਨਾਲ, ਲੋੜ ਪੈਣ 'ਤੇ ਮੈਂਬਰਾਂ ਦੀ ਰੱਖਿਆ ਅਤੇ ਦੇਖਭਾਲ ਕਰਦੇ ਹਨ। ਵਿਸਤ੍ਰਿਤ ਪਰਿਵਾਰ ਵਿੱਚ ਹਰੇਕ ਪਤਨੀ ਬੱਚੇ ਪੈਦਾ ਕਰਕੇ ਪਰਿਵਾਰ ਵਿੱਚ ਹੋਰ ਮੈਂਬਰਾਂ ਨੂੰ ਜੋੜਨਾ ਚਾਹੁੰਦੀ ਹੈ। ਇੱਕ ਆਦਮੀ ਜਿਸ ਦੇ ਬਹੁਤ ਸਾਰੇ ਬੱਚੇ ਹਨ, ਖਾਸ ਕਰਕੇ ਪੁੱਤਰ, ਉਹ ਵਿਸਤ੍ਰਿਤ ਪਰਿਵਾਰ ਵਿੱਚ ਮਹੱਤਵਪੂਰਣ ਹੁੰਦਾ ਹੈ। ਪਰਿਵਾਰ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਬਜ਼ੁਰਗ ਪਰਿਵਾਰਕ ਮੈਂਬਰਾਂ ਦੀ ਦੇਖਭਾਲ ਕਰੇ।
ਦੂਸਰੇ ਦੇਸਾਂ ਵਿੱਚ, ਜ਼ਿਆਦਾਤਰ ਪਰਿਵਾਰ ਸ਼ਹਿਰਾਂ ਜਾਂ ਕਸਬਿਆਂ ਵਿੱਚ ਰਹਿੰਦੇ ਹਨ ਅਤੇ ਪਿਤਾ ਅਤੇ ਮਾਂ ਦੇ ਰੁਜ਼ਗਾਰ ਦੁਆਰਾ ਉਨ੍ਹਾਂ ਦਾ ਪਾਲਣ-ਪੋਸ਼ਣ ਕੀਤਾ ਜਾਂਦਾ ਹੈ। ਸ਼ਹਿਰ ਵਿੱਚ, ਬੱਚੇ ਪਰਿਵਾਰ ਨੂੰ ਸਹਿਯੋਗ ਦੇਣ ਵਿੱਚ ਘੱਟ ਸਮਰੱਥ ਹੁੰਦੇ ਹਨ। ਬੱਚਿਆਂ ਦਾ ਪਾਲਣ-ਪੋਸ਼ਣ ਅਤੇ ਉਨ੍ਹਾਂ ਨੂੰ ਸਿੱਖਿਆ ਦੇਣਾ ਮਹਿੰਗਾ ਹੋ ਸਕਦਾ ਹੈ। ਸਮੇਂ ਦੇ ਨਾਲ, ਜਦੋਂ ਪਰਿਵਾਰ ਕਈ ਪੀੜ੍ਹੀਆਂ ਤੋਂ ਸ਼ਹਿਰ ਵਿੱਚ ਰਹਿੰਦੇ ਹਨ, ਹੋ ਸਕਦਾ ਹੈ ਕਿ ਉਹ ਚਾਹੁਣ ਕਿ ਉਨ੍ਹਾਂ ਦੇ ਘੱਟ ਬੱਚੇ ਹੋਣ। ਬਹੁਤ ਸਾਰੇ ਸ਼ਹਿਰੀ ਪਰਿਵਾਰ ਸਿਰਫ਼ ਇੱਕ ਜਾਂ ਦੋ ਬੱਚੇ ਹੀ ਚਾਹੁੰਦੇ ਹਨ।
ਬਹੁਤ ਸਾਰੇ ਸੱਭਿਆਚਾਰਾਂ ਵਿੱਚ ਬੱਚਿਆਂ ਦਾ ਮਹੱਤਵ ਐਨਾ ਦ੍ਰਿੜ੍ਹ ਹੁੰਦਾ ਹੈ ਕਿ ਆਦਰ ਅਤੇ ਕਦਰ ਮਹਿਸੂਸ ਕਰਨ ਲਈ ਹਰ ਜੋੜੇ ਦੇ ਬੱਚੇ ਹੋਣੇ ਚਾਹੀਦੇ ਹਨ। ਇੱਕ ਬੇਔਲਾਦ ਔਰਤ ਮਹਿਸੂਸ ਕਰਦੀ ਹੈ ਕਿ ਉਹ ਆਪਣੀ ਸਭ ਤੋਂ ਮਹੱਤਵਪੂਰਣ ਭੂਮਿਕਾ ਨਿਭਾਉਣ ਵਿੱਚ ਅਸਫਲ ਹੋ ਰਹੀ ਹੈ। ਇੱਕ ਔਰਤ ਜੋ ਕਦੇ ਵਿਆਹ ਨਹੀਂ ਕਰਵਾਉਂਦੀ, ਸ਼ਰਮਿੰਦਗੀ ਮਹਿਸੂਸ ਕਰਦੀ ਹੈ ਕਿਉਂਕਿ ਉਸ ਦੇ ਬੱਚੇ ਨਹੀਂ ਹੁੰਦੇ ਅਤੇ ਉਸ ਨੂੰ ਕਿਸੇ ਦੀ ਪਤਨੀ ਬਣਨ ਲਈ ਨਹੀਂ ਚੁਣਿਆ ਗਿਆ ਸੀ।
ਬਹੁਤ ਸਾਰੇ ਸੱਭਿਆਚਾਰਾਂ ਵਿੱਚ ਪਰਿਵਾਰ ਚਾਹੁੰਦੇ ਹਨ ਕਿ ਅਗਲੀ ਪੀੜ੍ਹੀ ਵਿੱਚ ਪਰਿਵਾਰ ਦੀ ਅਗਵਾਈ ਕਰਨ ਅਤੇ ਅਗਲੀ ਪੀੜ੍ਹੀ ਨੂੰ ਮਜ਼ਬੂਤ ਕਰਨ ਲਈ ਉਨ੍ਹਾਂ ਦੇ ਪੁੱਤਰ ਹੋਣ। ਧੀਆਂ ਨੂੰ ਬਹੁਤ ਘੱਟ ਮਹੱਤਵ ਦਿੱਤਾ ਜਾਂਦਾ ਹੈ। ਬੱਚੀਆਂ ਦਾ ਗਰਭਪਾਤ ਜਾਂ ਤਿਆਗ ਕੀਤਾ ਜਾ ਸਕਦਾ ਹੈ। ਕੁਝ ਦੇਸਾਂ ਨੇ ਅਣਜੰਮੇ ਬੱਚੇ ਦੇ ਲਿੰਗ ਦਾ ਪਤਾ ਲਗਾਉਣ ਨੂੰ ਗੈਰ-ਕਾਨੂੰਨੀ ਕਰਾਰ ਦਿੱਤਾ ਹੈ ਕਿਉਂਕਿ ਬਹੁਤ ਸਾਰੇ ਪਰਿਵਾਰ ਅਣਜੰਮੀਆਂ ਧੀਆਂ ਨੂੰ ਮਾਰ ਦਿੰਦੇ ਹਨ। ਅਸੀਂ ਵਚਨ ਤੋਂ ਜਾਣਦੇ ਹਾਂ ਕਿ ਕੁੜੀਆਂ ਦਾ ਵੀ ਮੁੰਡਿਆਂ ਦੇ ਬਰਾਬਰ ਮਾਣ ਅਤੇ ਮਹੱਤਵ ਹੁੰਦਾ ਹੈ, ਕਿਉਂਕਿ ਉਹ ਸਾਰੇ ਪਰਮੇਸ਼ੁਰ ਦੇ ਸਰੂਪ ਉੱਤੇ ਬਣੇ ਹਨ (ਉਤਪਤ 1:27)। ਇਸ ਲਈ, ਮਸੀਹ ਦਾ ਅਨੁਸਰਣ ਕਰਨ ਵਾਲੇ ਪਰਿਵਾਰਾਂ ਨੂੰ ਪੁੱਤਰਾਂ ਅਤੇ ਧੀਆਂ ਦੋਵਾਂ ਨੂੰ ਬਰਾਬਰ ਮਹੱਤਵ ਦੇਣਾ ਚਾਹੀਦਾ ਹੈ, ਭਾਵੇਂ ਉਨ੍ਹਾਂ ਦੇ ਸੱਭਿਆਚਾਰ ਵਿੱਚ ਇਹ ਆਮ ਨਾ ਹੋਵੇ।
ਜੇਕਰ ਕਿਸੇ ਪਰਿਵਾਰ ਨੂੰ ਕਿਸੇ ਬੱਚੇ ’ਤੇ ਮਾਣ ਕਰਨ ਦੀ ਸਖ਼ਤ ਜ਼ਰੂਰਤ ਹੈ, ਤਾਂ ਉਹ ਸਰੀਰਕ ਜਾਂ ਮਾਨਸਿਕ ਤੌਰ 'ਤੇ ਅਪਾਹਜ ਬੱਚੇ ਨੂੰ ਰੱਦ ਕਰ ਸਕਦੇ ਹਨ। ਕੁਝ ਦੇਸਾਂ ਵਿੱਚ, ਬਹੁਤ ਸਾਰੇ ਅਪਾਹਜ ਬੱਚੇ ਅਨਾਥ ਆਸ਼ਰਮਾਂ ਵਿੱਚ ਹਨ ਕਿਉਂਕਿ ਉਨ੍ਹਾਂ ਦੇ ਮਾਪੇ ਉਨ੍ਹਾਂ ਨੂੰ ਨਹੀਂ ਚਾਹੁੰਦੇ ਸਨ। ਬੱਚਿਆਂ ਨਾਲ ਇਹ ਵਿਹਾਰ ਗਲਤ ਹੈ, ਕਿਉਂਕਿ ਉਹ ਪਰਮੇਸ਼ੁਰ ਦੇ ਸਰੂਪ ਉੱਤੇ ਬਣੇ ਹਨ ਅਤੇ ਉਸ ਦੀ ਨਜ਼ਰ ਵਿੱਚ ਮਹੱਤਵਪੂਰਣ ਹਨ, ਭਾਵੇਂ ਉਨ੍ਹਾਂ ਦੀਆਂ ਯੋਗਤਾਵਾਂ ਜਾਂ ਸੀਮਾਵਾਂ ਕੁਝ ਵੀ ਹੋਣ।
ਕੁਝ ਸੱਭਿਆਚਾਰਾਂ ਵਿੱਚ ਬਹੁ-ਵਿਆਹ ਦੀ ਪ੍ਰਥਾ ਬੱਚਿਆਂ ਦੇ ਮਹੱਤਵ ’ਤੇ ਅਧਾਰਤ ਹੈ। ਇੱਕ ਆਦਮੀ ਆਪਣੇ ਬੱਚਿਆਂ ਨੂੰ ਕਈ ਪਤਨੀਆਂ ਰੱਖਣ ਦੁਆਰਾ ਵਧਾਉਣਾ ਚਾਹੁੰਦਾ ਹੈ। ਬਾਈਬਲ ਸਾਨੂੰ ਦੱਸਦੀ ਹੈ ਕਿ ਪਰਮੇਸ਼ੁਰ ਦੀ ਯੋਜਨਾ ਹੈ ਕਿ ਇੱਕ ਆਦਮੀ ਇੱਕ ਪਤਨੀ ਰੱਖੇ (ਉਤਪਤ 2:22-24, 1 ਤਿਮੋਥਿਉਸ 3:2)।
ਪੁਰਾਣਾ ਨੇਮ ਉਨ੍ਹਾਂ ਸਮਿਆਂ ਨੂੰ ਦਰਜ ਕਰਦਾ ਹੈ ਜਦੋਂ ਇੱਕ ਪਤਨੀ ਬੱਚੇ ਪੈਦਾ ਕਰਨ ਲਈ ਆਪਣੇ ਪਤੀ ਨੂੰ ਇੱਕ ਸੇਵਕ ਔਰਤ ਦਿੰਦੀ ਸੀ। ਪਤਨੀ ਨੇ ਆਪਣੀ ਸੇਵਕ ਦੇ ਬੱਚਿਆਂ ਦੁਆਰਾ ਆਦਰ ਪ੍ਰਾਪਤ ਕੀਤਾ। ਯਾਕੂਬ ਦੀਆਂ ਪਤਨੀਆਂ, ਰਾਖੇਲ ਅਤੇ ਲੇਆਹ, ਹਰੇਕ ਨੇ ਯਾਕੂਬ ਨੂੰ ਇੱਕ ਸੇਵਕ ਔਰਤ ਦਿੱਤੀ ਤਾਂ ਜੋ ਉਹ ਹੋਰ ਬੱਚਿਆਂ ਦੁਆਰਾ ਆਦਰ ਪ੍ਰਾਪਤ ਕਰਨ।
ਪਰਿਵਾਰ ਬੱਚਿਆਂ ਨੂੰ ਜੋੜਨ ਲਈ ਸੇਵਕਾਂ ਦੀ ਵਰਤੋਂ ਕਰਨਾ ਰਿਸ਼ਤਿਆਂ ਵਿੱਚ ਉਲਝਣਾਂ ਦਾ ਕਾਰਣ ਬਣਿਆ। ਸਾਰਈ ਨੇ ਹਾਜਰਾ ਨੂੰ ਅਬਰਾਹਾਮ ਨੂੰ ਦੇ ਦਿੱਤਾ, ਇਹ ਉਮੀਦ ਕਰਦੇ ਹੋਏ ਕਿ ਜੇਕਰ ਹਾਜਰਾ ਦੇ ਬੱਚੇ ਹੁੰਦੇ ਹਨ ਤਾਂ ਉਸ ਦਾ ਆਪਣਾ ਆਦਰ ਬਿਹਤਰ ਹੋਵੇਗਾ (ਉਤਪਤ 16:2-6)। ਹਾਜਰਾ ਗਰਭਵਤੀ ਹੋ ਗਈ ਅਤੇ ਸਾਰਈ ਤੋਂ ਉੱਤਮ ਮਹਿਸੂਸ ਕਰਨ ਲੱਗੀ। ਸਾਰਈ ਨੇ ਉਸ ਨੂੰ ਸਖ਼ਤ ਸਜ਼ਾ ਦਿੱਤੀ, ਆਪਣਾ ਅਧਿਕਾਰ ਸਥਾਪਤ ਕਰਨ ਦੀ ਕੋਸ਼ਿਸ਼ ਕਰਦੇ ਹੋਏ।
ਲੇਲੀਆ ਦਾ ਜਨਮ ਇੱਕ ਪੱਛਮੀ ਅਫ਼ਰੀਕੀ ਦੇਸ਼ ਵਿੱਚ ਹੋਇਆ ਸੀ। ਵਿਆਹ ਤੋਂ ਤਿੰਨ ਸਾਲ ਬਾਅਦ ਵੀ ਉਸ ਦਾ ਕੋਈ ਬੱਚਾ ਨਹੀਂ ਹੋਇਆ। ਲੇਲੀਆ ਦੇ ਸੱਭਿਆਚਾਰ ਵਿੱਚ, ਬੱਚੇ ਨੂੰ ਗੋਦ ਲੈਣਾ ਕਿਸੇ ਔਰਤ ਦੀ ਉਸ ਸ਼ਰਮ ਨੂੰ ਦੂਰ ਨਹੀਂ ਕਰਦਾ ਜੋ ਉਸ ਨੂੰ ਬੱਚਾ ਨਾ ਪੈਦਾ ਕਰਨ ਦੇ ਕਾਰਣ ਹੁੰਦੀ ਹੈ। ਲੇਲੀਆ ਨੂੰ ਇੱਕ ਗਰੀਬ ਪੇਂਡੂ ਪਰਿਵਾਰ ਵਿੱਚ ਇੱਕ ਔਰਤ ਮਿਲੀ ਜੋ ਗਰਭਵਤੀ ਸੀ ਅਤੇ ਉਸ ਨੇ ਉਸ ਦੇ ਬੱਚੇ ਨੂੰ ਖਰੀਦਣ ਦਾ ਪ੍ਰਬੰਧ ਕੀਤਾ। ਲੇਲੀਆ ਨੇ ਕਈ ਮਹੀਨਿਆਂ ਤੱਕ ਆਪਣੇ ਆਪ ਨੂੰ ਗਰਭਵਤੀ ਦਿਖਾਉਣ ਲਈ ਆਪਣੀ ਕਮੀਜ਼ ਦੇ ਹੇਠਾਂ ਕੁਝ ਪਾਇਆ। ਜਦੋਂ ਬੱਚੇ ਦੇ ਜਨਮ ਦਾ ਸਮਾਂ ਆਇਆ, ਤਾਂ ਲੇਲੀਆ ਨੇ ਬੱਚੇ ਦੇ ਜਨਮ ਲਈ ਹਸਪਤਾਲ ਜਾਣ ਦਾ ਦਿਖਾਵਾ ਕੀਤਾ, ਫਿਰ ਪਿੰਡ ਤੋਂ ਬੱਚੇ ਨੂੰ ਲੈ ਕੇ ਘਰ ਆ ਗਈ।
ਜੇਕਰ ਕੋਈ ਪਰਿਵਾਰ ਮੁੱਖ ਤੌਰ ’ਤੇ ਪਰਿਵਾਰ ਦੇ ਲਾਭ ਲਈ ਬੱਚੇ ਚਾਹੁੰਦਾ ਹੈ, ਤਾਂ ਉਹ ਇੱਕ ਬੱਚੇ ਨੂੰ ਪਰਮੇਸ਼ੁਰ ਦੇ ਸਰੂਪ ਉੱਤੇ ਬਣੇ ਮਨੁੱਖ ਵਜੋਂ ਮਹੱਤਵ ਦੇਣ ਵਿੱਚ ਅਸਫਲ ਹੋ ਸਕਦੇ ਹਨ। ਉਹ ਇੱਕ ਅਪਾਹਜ ਬੱਚੇ ਨੂੰ ਪਿਆਰ ਕਰਨ ਅਤੇ ਸਵੀਕਾਰ ਕਰਨ ਤੋਂ ਇਨਕਾਰ ਕਰ ਸਕਦੇ ਹਨ। ਉਹ ਇੱਕ ਧੀ ਨੂੰ ਰੱਦ ਕਰ ਸਕਦੇ ਹਨ ਕਿਉਂਕਿ ਉਹ ਇੱਕ ਪੁੱਤਰ ਚਾਹੁੰਦੇ ਹਨ। ਉਹ ਇੱਕ ਬੇਔਲਾਦ ਔਰਤ ਨੂੰ ਸ਼ਰਮਿੰਦਾ ਅਤੇ ਬੇਕਾਰ ਮਹਿਸੂਸ ਕਰਵਾਉਂਦੇ ਹਨ। ਉਹ ਅਨਾਥ ਜਾਂ ਬੇਘਰ ਬੱਚਿਆਂ ਨੂੰ ਗੋਦ ਲੈਣ ਦੇ ਮਹੱਤਵ ਨੂੰ ਨਹੀਂ ਵੇਖਦੇ। ਇਹ ਸਾਰੇ ਰਵੱਈਏ ਅਤੇ ਕੰਮ ਸੁਆਰਥੀ ਅਤੇ ਗਲਤ ਹਨ। ਜਦੋਂ ਅਸੀਂ ਇਨ੍ਹਾਂ ਵਿੱਚੋਂ ਕਿਸੇ ਵੀ ਕਾਰਣ ਕਰਕੇ ਵਿਅਕਤੀਆਂ ਨਾਲ ਬੁਰਾ ਵਿਹਾਰ ਕਰਦੇ ਹਾਂ, ਤਦ ਅਸੀਂ ਆਪਣੇ ਸਿਰਜਣਹਾਰ ਦਾ ਨਿਰਾਦਰ ਕਰਦੇ ਹਾਂ (ਕੂਚ 4:11, ਕਹਾਉਤਾਂ 14:31)।
ਹੈਨਰੀ ਅੱਠਵਾਂ 1509-1547 ਤੱਕ ਇੰਗਲੈਂਡ ਦਾ ਰਾਜਾ ਸੀ। ਉਹ ਇੱਕ ਪੁੱਤਰ ਲਈ ਬਹੁਤ ਇੱਛਾ ਰੱਖਦਾ ਸੀ। ਕਿਉਂਕਿ ਉਸ ਦੀ ਪਤਨੀ ਕੋਲ ਇੱਕ ਧੀ ਸੀ ਪਰ ਇੱਕ ਪੁੱਤਰ ਬਚਿਆ ਨਹੀਂ ਸੀ, ਇਸ ਲਈ ਹੈਨਰੀ ਨੇ ਉਸ ਨੂੰ ਤਲਾਕ ਦੇ ਦਿੱਤਾ ਅਤੇ ਇੱਕ ਹੋਰ ਔਰਤ ਨਾਲ ਵਿਆਹ ਕਰਵਾ ਲਿਆ। ਜਦੋਂ ਉਸ ਦੀ ਦੂਸਰੀ ਪਤਨੀ ਪੁੱਤਰ ਪੈਦਾ ਕਰਨ ਵਿੱਚ ਅਸਫਲ ਰਹੀ, ਤਾਂ ਉਸ ਨੇ ਉਸ ਉੱਤੇ ਦੇਸ਼ਧ੍ਰੋਹ ਦਾ ਦੋਸ਼ ਲਗਾਇਆ ਅਤੇ ਉਸ ਨੂੰ ਫਾਂਸੀ ਦੇਣ ਦਾ ਹੁਕਮ ਦਿੱਤਾ।
ਡਾਕਟਰੀ ਵਿਗਿਆਨ ਨੇ ਸਾਬਤ ਕੀਤਾ ਹੈ ਕਿ ਇੱਕ ਆਦਮੀ ਦਾ ਸ਼ੁਕਰਾਣੂ ਬੱਚੇ ਦਾ ਲਿੰਗ ਨਿਰਧਾਰਤ ਕਰਦਾ ਹੈ। ਔਰਤ ਦਾ ਸਰੀਰ ਇਹ ਨਿਰਧਾਰਤ ਨਹੀਂ ਕਰਦਾ ਕਿ ਉਸ ਦੇ ਪੁੱਤਰ ਹੋਵੇਗਾ ਜਾਂ ਧੀ। ਹਾਲਾਂਕਿ, ਬਹੁਤ ਸਾਰੇ ਆਦਮੀ ਆਪਣੀਆਂ ਪਤਨੀਆਂ 'ਤੇ ਗੁੱਸੇ ਹੋਏ ਹਨ ਕਿਉਂਕਿ ਉਨ੍ਹਾਂ ਦੀਆਂ ਧੀਆਂ ਹਨ ਨਾ ਕਿ ਪੁੱਤਰ।
ਦਲਜੀਤ ਨਾਮ ਦੇ ਇੱਕ ਆਦਮੀ ਅਤੇ ਉਸ ਦੀ ਪਤਨੀ ਦੀਆਂ ਦੋ ਧੀਆਂ ਸਨ। ਜਦੋਂ ਦਲਜੀਤ ਦੀ ਪਤਨੀ ਆਪਣੇ ਤੀਜੇ ਬੱਚੇ ਨੂੰ ਜਨਮ ਦੇਣ ਲਈ ਹਸਪਤਾਲ ਗਈ, ਤਾਂ ਦਲਜੀਤ ਨੂੰ ਇੱਕ ਪੁੱਤਰ ਦੀ ਉਮੀਦ ਸੀ। ਤੀਜਾ ਬੱਚਾ ਇੱਕ ਧੀ ਸੀ। ਦਲਜੀਤ ਐਨਾ ਗੁੱਸੇ ਵਿੱਚ ਸੀ ਕਿ ਉਸ ਨੇ ਆਪਣੀ ਪਤਨੀ ਨੂੰ ਮਿਲਣ ਜਾਂ ਹਸਪਤਾਲ ਦਾ ਬਿੱਲ ਦੇਣ ਲਈ ਹਸਪਤਾਲ ਜਾਣ ਤੋਂ ਇਨਕਾਰ ਕਰ ਦਿੱਤਾ।
ਅੱਯੂਬ 24 ਵਿੱਚ, ਅੱਯੂਬ ਨੇ ਇੱਕ ਦੁਸ਼ਟ ਆਦਮੀ ਦੇ ਕੰਮਾਂ ਦਾ ਇੱਕ ਲੰਮਾ ਵਰਣਨ ਦਿੱਤਾ ਹੈ। ਇੱਕ ਕਾਰਵਾਈ ਦਾ ਜ਼ਿਕਰ ਇਹ ਹੈ ਕਿ ਦੁਸ਼ਟ ਆਦਮੀ ਇੱਕ ਬੇਔਲਾਦ ਔਰਤ ਨਾਲ ਬੁਰਾ ਸਲੂਕ ਕਰਦਾ ਹੈ (ਅੱਯੂਬ 24:21)। ਜਦੋਂ ਇੱਕ ਬੇਔਲਾਦ ਔਰਤ ਨਾਲ ਬੇਰਹਿਮ ਸਲੂਕ ਕੀਤਾ ਜਾਂਦਾ ਹੈ ਤਾਂ ਪਰਮੇਸ਼ੁਰ ਖੁਸ਼ ਨਹੀਂ ਹੁੰਦਾ।
► ਤੁਹਾਡਾ ਸੱਭਿਆਚਾਰ ਬੱਚਿਆਂ ਨੂੰ ਕਿਵੇਂ ਮਹੱਤਵ ਦਿੰਦਾ ਹੈ? ਕਿਹੜੇ ਕੁਝ ਕਾਰਣ ਹਨ ਜਿਨ੍ਹਾਂ ਕਰਕੇ ਲੋਕ ਬੱਚੇ ਪੈਦਾ ਕਰਨਾ ਚਾਹੁੰਦੇ ਹਨ?
► ਤੁਹਾਡੇ ਸੱਭਿਆਚਾਰ ਵਿੱਚ ਰੀਤੀ-ਰਿਵਾਜਾਂ ਕਾਰਨ ਕਿਹੜੀਆਂ ਬੇਇਨਸਾਫ਼ੀਆਂ ਹੁੰਦੀਆਂ ਹਨ?
ਵਚਨ ਵਿੱਚ ਦਰਜ ਛੇ ਬਿਰਤਾਂਤਾਂ ਵਿੱਚ ਜਦੋਂ ਪਰਮੇਸ਼ੁਰ ਨੇ ਇੱਕ ਬੇਔਲਾਦ ਔਰਤ ਨੂੰ ਪੁੱਤਰ ਦਿੱਤਾ, ਮਾਪਿਆਂ ਨੂੰ ਉਨ੍ਹਾਂ ਦੇ ਪਹਿਲਾਂ ਬੇਔਲਾਦ ਹੋਣ ਲਈ ਕਿਸੇ ਵੀ ਤਰ੍ਹਾਂ ਦੋਸ਼ੀ ਨਹੀਂ ਠਹਿਰਾਇਆ ਗਿਆ ਸੀ। ਦਰਅਸਲ, ਜੋੜਿਆਂ ਨੂੰ ਪਰਮੇਸ਼ੁਰ ਦੁਆਰਾ ਵਿਸ਼ੇਸ਼ ਪੁੱਤਰਾਂ ਦੇ ਮਾਪੇ ਬਣਨ ਲਈ ਵਿਸ਼ੇਸ਼ ਤੌਰ 'ਤੇ ਚੁਣਿਆ ਗਿਆ ਸੀ। ਜ਼ਕਰਯਾਹ ਅਤੇ ਇਲੀਸਬਤ ਨੂੰ ਧਰਮੀ ਕਿਹਾ ਗਿਆ ਸੀ (ਲੂਕਾ 1:5-6)। ਸਾਨੂੰ ਕਦੇ ਵੀ ਇਹ ਨਹੀਂ ਮੰਨਣਾ ਚਾਹੀਦਾ ਕਿ ਇੱਕ ਔਰਤ ਇਸ ਲਈ ਬੇਔਲਾਦ ਹੈ ਕਿਉਂਕਿ ਉਸ ਨੇ ਪਰਮੇਸ਼ੁਰ ਨੂੰ ਪ੍ਰਸੰਨ ਨਹੀਂ ਕੀਤਾ ਹੈ।
ਅੱਯੂਬ 24:21 ਆਖਦੀ ਹੈ ਕਿ ਇੱਕ ਬੇਔਲਾਦ ਔਰਤ ਨਾਲ ਬਦਸਲੂਕੀ ਕਰਨਾ ਇੱਕ ਦੁਸ਼ਟ ਵਿਅਕਤੀ ਦਾ ਕੰਮ ਹੈ। ਪਰਮੇਸ਼ੁਰ ਬੇਔਲਾਦ ਔਰਤ ਨੂੰ ਦੋਸ਼ੀ ਨਹੀਂ ਠਹਿਰਾਉਂਦਾ ਜਾਂ ਉਸ ਨਾਲ ਦੁਰਵਿਹਾਰ ਨਹੀਂ ਕਰਦਾ, ਅਤੇ ਨਾ ਹੀ ਸਾਨੂੰ ਕਰਨਾ ਚਾਹੀਦਾ ਹੈ।
ਯਸਾਯਾਹ 56:4-5 ਵਿੱਚ ਪਰਮੇਸ਼ੁਰ ਉਸ ਆਦਮੀ ਨਾਲ ਗੱਲ ਕਰਦਾ ਹੈ ਜੋ ਬੱਚੇ ਪੈਦਾ ਕਰਨ ਦੇ ਯੋਗ ਨਹੀਂ ਹੈ। ਪਰਮੇਸ਼ੁਰ ਆਖਦਾ ਹੈ ਕਿ ਜੇਕਰ ਇਹ ਆਦਮੀ ਪਰਮੇਸ਼ੁਰ ਦੀ ਆਗਿਆ ਮੰਨਦਾ ਹੈ ਅਤੇ ਉਸ ਦੇ ਨੇਮ ਵਿੱਚ ਰਹਿੰਦਾ ਹੈ, ਤਾਂ ਉਸ ਦੀ ਇੱਕ ਪਦਵੀ ਅਤੇ ਇੱਕ ਸਾਖ ਹੋਵੇਗੀ ਜੋ ਪੁੱਤਰ ਅਤੇ ਧੀਆਂ ਪੈਦਾ ਕਰਨ ਤੋਂ ਬਿਹਤਰ ਹੈ।
ਪੌਲੁਸ ਰਸੂਲ ਨੇ ਆਪਣੇ ਆਪ ਨੂੰ ਤਿਮੋਥਿਉਸ (1 ਤਿਮੋਥਿਉਸ 1:2) ਅਤੇ ਤੀਤੁਸ (ਤੀਤੁਸ 1:4) ਅਤੇ ਓਨੇਸਿਮੁਸ (ਫਿਲੇਮੋਨ 10) ਦਾ ਪਿਤਾ ਆਖਿਆ। ਉਸ ਨੇ ਆਪਣੇ ਆਪ ਨੂੰ ਕੁਰਿੰਥੁਸ ਦੇ ਵਿਸ਼ਵਾਸੀਆਂ ਦਾ ਪਿਤਾ ਆਖਿਆ (1 ਕੁਰਿੰਥੀਆਂ 4:15)। ਉਹ ਉਨ੍ਹਾਂ ਦਾ ਜੈਵਿਕ ਪਿਤਾ ਨਹੀਂ ਸੀ, ਪਰ ਉਨ੍ਹਾਂ ਦਾ ਆਤਮਿਕ ਪਿਤਾ ਸੀ। ਉਨ੍ਹਾਂ ਦਾ ਆਤਮਿਕ ਪਿਤਾ ਹੋਣਾ ਜ਼ਿਆਦਾ ਮਹੱਤਵਪੂਰਣ ਸੀ।
ਮੱਤੀ 12:46-50 ਸਾਨੂੰ ਉਸ ਸਮੇਂ ਬਾਰੇ ਦੱਸਦੀ ਹੈ ਜਦੋਂ ਯਿਸੂ ਦੀ ਮਾਂ ਅਤੇ ਭਰਾ ਉਸ ਨੂੰ ਮਿਲਣ ਆਏ, ਜਦੋਂ ਉਹ ਸਿੱਖਿਆ ਦੇ ਰਿਹਾ ਸੀ। ਯਿਸੂ ਨੇ ਆਪਣੇ ਸਰੋਤਿਆਂ ਨੂੰ ਪੁੱਛਿਆ, "ਮੇਰੀ ਮਾਂ ਕੌਣ ਹੈ, ਅਤੇ ਮੇਰੇ ਭਰਾ ਕੌਣ ਹਨ?" ਫਿਰ ਉਸ ਨੇ ਆਖਿਆ ਕਿ ਜੋ ਲੋਕ ਪਰਮੇਸ਼ੁਰ ਦੀ ਇੱਛਾ ਪੂਰੀ ਕਰਦੇ ਹਨ ਉਹ ਉਸ ਦੇ ਭਰਾ, ਭੈਣਾਂ ਅਤੇ ਮਾਂ ਹਨ। ਅਸੀਂ ਜਾਣਦੇ ਹਾਂ ਕਿ ਯਿਸੂ ਆਪਣੇ ਪਰਿਵਾਰ ਦੀ ਪਰਵਾਹ ਕਰਦਾ ਸੀ; ਸਲੀਬ ’ਤੇ ਵੀ ਉਸ ਨੇ ਆਪਣੀ ਮਾਂ ਦੀ ਦੇਖਭਾਲ ਦਾ ਪ੍ਰਬੰਧ ਕੀਤਾ (ਯੂਹੰਨਾ 19:26-27)। ਪਰ ਯਿਸੂ ਆਖ ਰਿਹਾ ਸੀ ਕਿ ਆਤਮਿਕ ਪਰਿਵਾਰ ਜੈਵਿਕ ਪਰਿਵਾਰ ਨਾਲੋਂ ਵੀ ਮਹੱਤਵਪੂਰਣ ਹੈ।
ਵਿਸ਼ਵਾਸ ਦਾ ਪਰਿਵਾਰ ਜੈਵਿਕ ਪਰਿਵਾਰ ਦੀ ਥਾਂ ਨਹੀਂ ਲੈਂਦਾ, ਪਰ ਵਿਸ਼ਵਾਸ ਦੇ ਪਰਿਵਾਰ ਵਿੱਚ ਇੱਕ ਵਿਅਕਤੀ ਦਾ ਸਥਾਨ ਉਸ ਨੂੰ ਸਭ ਤੋਂ ਮਹੱਤਵਪੂਰਣ ਪਛਾਣ ਦਿੰਦਾ ਹੈ। ਕਲੀਸਿਯਾ ਵਿੱਚ ਵਰਤੇ ਗਏ ਸ਼ਬਦ ਭਰਾ ਅਤੇ ਭੈਣ ਵਿਸ਼ਵਾਸ ਦੇ ਪਰਿਵਾਰ ਵਿੱਚ ਰਿਸ਼ਤਿਆਂ ਦੀ ਮਹੱਤਤਾ ਨੂੰ ਦਰਸਾਉਂਦੇ ਹਨ (ਕੁਲੁੱਸੀਆਂ 1:2)।
ਦਬੋਰਾਹ ਇੱਕ ਨਬੀਆ ਸੀ ਜਿਸ ਨੇ ਇਸਰਾਏਲ ਲਈ ਇੱਕ ਨਿਆਈਂ ਵਜੋਂ ਸੇਵਾ ਨਿਭਾਈ (ਨਿਆਈਆਂ 4:4)। ਦਬੋਰਾਹ ਨੇ ਇੱਕ ਜ਼ਾਲਮ ਕੌਮ ਤੋਂ ਆਜ਼ਾਦੀ ਲਈ ਇੱਕ ਯੁੱਧ ਵਿੱਚ ਇਸਰਾਏਲ ਕੌਮ ਦੀ ਅਗਵਾਈ ਵੀ ਕੀਤੀ। ਨਿਆਈਆਂ 5:7 ਵਿੱਚ, ਦਬੋਰਾਹ ਨੇ ਆਪਣੇ ਆਪ ਨੂੰ ਇਸਰਾਏਲ ਵਿੱਚ ਇੱਕ ਮਾਂ ਕਿਹਾ। ਬਾਈਬਲ ਕਦੇ ਵੀ ਦਬੋਰਾਹ ਦੇ ਜੈਵਿਕ ਬੱਚਿਆਂ ਦਾ ਜ਼ਿਕਰ ਨਹੀਂ ਕਰਦੀ, ਪਰ ਉਹ ਇਸਰਾਏਲ ਲਈ ਇੱਕ ਮਾਂ ਸੀ ਕਿਉਂਕਿ ਉਹ ਆਪਣੀ ਅਗਵਾਈ ਨਾਲ ਲੋਕਾਂ ਦੀ ਦੇਖਭਾਲ ਕਰਦੀ ਸੀ।
ਰਸੂਲ ਪਤਰਸ ਨੇ ਆਖਿਆ ਕਿ ਜੋ ਔਰਤਾਂ ਸਾਰਾਹ ਦੀ ਮਿਸਾਲ ਦੀ ਪਾਲਣਾ ਕਰਦੀਆਂ ਹਨ ਉਹ ਉਸ ਦੀਆਂ ਧੀਆਂ ਹਨ (1 ਪਤਰਸ 3:6)। ਇਸ ਦੀ ਕਲਪਨਾ ਕਰੋ ਕਿ ਇਸ ਕਥਨ ਨਾਲ ਸਾਰਾਹ ਨੂੰ ਕਿੰਨਾ ਵੱਡਾ ਦਰਜਾ ਦਿੱਤਾ ਗਿਆ ਹੈ! ਇਹ ਉਸ ਦੇ ਵਿਸ਼ਵਾਸ ਅਤੇ ਉਸ ਦੀ ਆਗਿਆਕਾਰੀ ਦੀ ਮਿਸਾਲ ’ਤੇ ਅਧਾਰਤ ਇੱਕ ਦਰਜਾ ਹੈ, ਇਸਹਾਕ ਦੀ ਮਾਂ ਵਜੋਂ ਉਸ ਦੀ ਭੂਮਿਕਾ ’ਤੇ ਅਧਾਰਤ ਨਹੀਂ।
ਸਾਰੇ ਲੋਕ ਜੋ ਵਿਸ਼ਵਾਸ ਰਾਹੀਂ ਕਿਰਪਾ ਤੋਂ ਬਚਾਏ ਗਏ ਹਨ, ਉਨ੍ਹਾਂ ਨੂੰ ਅਬਰਾਹਾਮ ਦੀ ਸੰਤਾਨ ਆਖਿਆ ਜਾਂਦਾ ਹੈ (ਗਲਾਤੀਆਂ 3:7)। ਅਬਰਾਹਾਮ ਨੂੰ ਲੱਖਾਂ ਵਿਸ਼ਵਾਸੀਆਂ ਦੇ ਪਿਤਾ ਵਜੋਂ ਉੱਚਾ ਸਨਮਾਨ ਦਿੱਤਾ ਗਿਆ ਹੈ। ਅਬਰਾਹਾਮ ਅਤੇ ਸਾਰਾਹ ਦੀਆਂ ਉਦਾਹਰਣਾਂ ਤੋਂ ਅਸੀਂ ਵੇਖਦੇ ਹਾਂ ਕਿ ਪਰਮੇਸ਼ੁਰ ਆਤਮਿਕ ਪਿਤਾ ਅਤੇ ਮਾਂ ਬਣਨ ਦਾ ਬਹੁਤ ਆਦਰ ਕਰਦਾ ਹੈ।
ਰਸੂਲ ਪੌਲੁਸ ਨੇ ਅਣਵਿਆਹੇ ਹੋਣ ਦੇ ਫਾਇਦਿਆਂ ਦਾ ਵਰਣਨ ਕੀਤਾ। ਅਣਵਿਆਹਿਆ ਵਿਅਕਤੀ ਹੋਰ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਤੋਂ ਬਿਨਾਂ ਪਰਮੇਸ਼ੁਰ ਨੂੰ ਪ੍ਰਸੰਨ ਕਰਨ ’ਤੇ ਧਿਆਨ ਕੇਂਦਰਿਤ ਕਰ ਸਕਦਾ ਹੈ (1 ਕੁਰਿੰਥੀਆਂ 7:32-35)। ਭਾਵੇਂ ਅਣਵਿਆਹਿਆ ਵਿਅਕਤੀ ਬੇਔਲਾਦ ਹੈ, ਪੌਲੁਸ ਨੇ ਆਖਿਆ ਕਿ ਜੇਕਰ ਵਿਅਕਤੀ ਇੱਕ ਸ਼ੁੱਧ ਜੀਵਨ ਜੀ ਸਕਦਾ ਹੈ ਤਾਂ ਕੁਆਰੇ ਰਹਿਣਾ ਸਭ ਤੋਂ ਵਧੀਆ ਹੈ। ਇਨ੍ਹਾਂ ਕਥਨਾਂ ਦੇ ਕਾਰਣ, ਅਸੀਂ ਯਕੀਨ ਕਰ ਸਕਦੇ ਹਾਂ ਕਿ ਕੁਆਰੇ ਰਹਿਣਾ ਕੁਝ ਲੋਕਾਂ ਲਈ ਪਰਮੇਸ਼ੁਰ ਦੀ ਇੱਛਾ ਹੈ।
ਕੁਆਰੇਪਣ ਵਾਂਗ, ਬੇਔਲਾਦ ਹੋਣ ਦੇ ਵੀ ਫਾਇਦੇ ਹਨ। ਜਿਵੇਂ ਪਰਮੇਸ਼ੁਰ ਕੋਲ ਉਨ੍ਹਾਂ ਲੋਕਾਂ ਲਈ ਵਿਸ਼ੇਸ਼ ਮੌਕੇ ਹਨ ਜੋ ਕੁਆਰੇ ਹਨ, ਉਸੇ ਤਰ੍ਹਾਂ ਉਸ ਕੋਲ ਉਨ੍ਹਾਂ ਲਈ ਵੀ ਮੌਕੇ ਹਨ ਜੋ ਵਿਆਹੇ ਹੋਏ ਹਨ ਪਰ ਬੇਔਲਾਦ ਹਨ। ਭਾਵੇਂ ਉਨ੍ਹਾਂ ਨੇ ਬੇਔਲਾਦ ਰਹਿਣਾ ਨਹੀਂ ਚੁਣਿਆ, ਉਨ੍ਹਾਂ ਨੂੰ ਪਰਮੇਸ਼ੁਰ ਵਾਸਤੇ ਕੰਮ ਕਰਨ ਲਈ ਆਪਣੀ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਹੈ।
ਕੁਆਰਾਪਣ, ਬੇਔਲਾਦ ਹੋਣਾ, ਅਤੇ ਸਾਡੀ ਕਿਸੇ ਵੀ ਹੋਰ ਸਥਿਤੀ ਵਿੱਚ, ਅਸੀਂ ਭਰੋਸਾ ਕਰ ਸਕਦੇ ਹਾਂ ਕਿ ਪਰਮੇਸ਼ੁਰ ਸਾਡੇ ਰਾਹੀਂ ਸਾਡੇ ਅਤੇ ਦੂਜਿਆਂ ਲਈ ਆਤਮਿਕ ਲਾਭ ਲਿਆਉਣ ਵਾਸਤੇ ਕੰਮ ਕਰੇਗਾ (ਰੋਮੀਆਂ 8:28)।
ਬਹੁਤ ਸਾਰੇ ਬੱਚੇ ਹਨ ਜਿਨ੍ਹਾਂ ਨੂੰ ਦੇਖਭਾਲ ਕਰਨ ਵਾਲੇ ਮਾਪਿਆਂ ਦੀ ਘਾਟ ਹੈ। ਇਹ ਸੰਭਾਵਨਾ ਹੈ ਕਿ ਕੋਈ ਵੀ ਉਨ੍ਹਾਂ ਜੀਵਨ ਵਿੱਚ ਇਸ ਜ਼ਰੂਰਤ ਨੂੰ ਪੂਰਾ ਨਹੀਂ ਕਰੇਗਾ, ਜਦੋਂ ਤੱਕ ਵਿਸ਼ਵਾਸ ਦੇ ਪਰਿਵਾਰ ਵਿੱਚ ਕੁਝ ਵਿਅਕਤੀ ਜਾਂ ਜੋੜੇ ਉਨ੍ਹਾਂ ਲਈ ਪਿਆਰ ਵਿਖਾਉਣ ਦੀ ਕੋਸ਼ਿਸ਼ ਨਹੀਂ ਕਰਦੇ।
ਸਾਨੂੰ ਆਪਣੇ ਸਰੀਰਾਂ ਨੂੰ ਪਰਮੇਸ਼ੁਰ ਨੂੰ ਬਲੀਦਾਨ ਵਜੋਂ ਚੜ੍ਹਾਉਣ ਲਈ, ਪਰਮੇਸ਼ੁਰ ਪ੍ਰਤੀ ਸਮਰਪਣ ਵਿੱਚ ਰਹਿਣ ਲਈ ਬੁਲਾਇਆ ਗਿਆ ਹੈ (ਰੋਮੀਆਂ 12:1)।
1. ਬੱਚੇ ਪਰਮੇਸ਼ੁਰ ਵੱਲੋਂ ਇੱਕ ਅਸੀਸ ਹਨ, ਅਤੇ ਇੱਕ ਜੋੜੇ ਲਈ ਪ੍ਰਾਰਥਨਾ ਕਰਨਾ ਸਹੀ ਹੈ ਕਿ ਪਰਮੇਸ਼ੁਰ ਉਨ੍ਹਾਂ ਨੂੰ ਬੱਚੇ ਦੇਵੇ।
2. ਇਹ ਮੰਨਣਾ ਗਲਤ ਹੈ ਕਿ ਪਰਮੇਸ਼ੁਰ ਦੀ ਇੱਛਾ ਹਮੇਸ਼ਾ ਚਮਤਕਾਰੀ ਢੰਗ ਨਾਲ ਇੱਕ ਬੱਚਾ ਦੇਣਾ ਹੈ। ਉਹ ਹਮੇਸ਼ਾ ਇੱਕ ਬੱਚਾ ਦੇਣਾ ਦੀ ਚੋਣ ਨਹੀਂ ਕਰਦਾ, ਜਿਵੇਂ ਉਹ ਹਰ ਦੂਸਰੀ ਜ਼ਰੂਰਤ ਲਈ ਹਮੇਸ਼ਾ ਇੱਕ ਚਮਤਕਾਰ ਨਹੀਂ ਕਰਦਾ।
3. ਬੇਔਲਾਦ ਹੋਣ ਦੇ ਕਾਰਣ ਇੱਕ ਔਰਤ ਜਾਂ ਜੋੜੇ ਨੂੰ ਦੋਸ਼ੀ ਠਹਿਰਾਉਣਾ ਗਲਤ ਹੈ। ਮਨੁੱਖੀ ਸਥਿੱਤੀ ਆਦਮ ਦੇ ਪਾਪ, ਸਾਡੇ ਪੁਰਖਿਆਂ ਦੇ ਪਾਪ ਅਤੇ ਸਾਡੇ ਸਮਾਜ ਦੇ ਪਾਪਾਂ ਦੁਆਰਾ ਪ੍ਰਭਾਵਿਤ ਹੋਈ ਹੈ।
4. ਸਾਨੂੰ ਪੁੱਤਰਾਂ ਅਤੇ ਧੀਆਂ ਦੋਵਾਂ ਨੂੰ ਬਰਾਬਰ ਪਿਆਰ ਕਰਨਾ ਚਾਹੀਦਾ ਹੈ ਅਤੇ ਮਹੱਤਵ ਦੇਣਾ ਚਾਹੀਦਾ ਹੈ ਕਿਉਂਕਿ ਉਹ ਪਰਮੇਸ਼ੁਰ ਦੇ ਸਰੂਪ ਉੱਤੇ ਬਣਾਏ ਹੋਏ ਲੋਕ ਹਨ।
5. ਇੱਕ ਵਿਅਕਤੀ ਜੈਵਿਕ ਬੱਚਿਆਂ ਤੋਂ ਬਿਨਾਂ ਵੀ ਇੱਕ ਆਤਮਿਕ ਪਿਤਾ ਜਾਂ ਮਾਂ ਹੋ ਸਕਦਾ ਹੈ ਜੋ ਕਈ ਪੀੜ੍ਹੀਆਂ ਨੂੰ ਪ੍ਰਭਾਵਿਤ ਕਰਦਾ ਹੈ।
6. ਪਰਮੇਸ਼ੁਰ ਅਣਵਿਆਹੇ ਅਤੇ ਬੇਔਲਾਦ ਲੋਕਾਂ ਨੂੰ ਸੇਵਾ ਦੇ ਵਿਸ਼ੇਸ਼ ਮੌਕੇ ਦਿੰਦਾ ਹੈ।
7. ਸਾਨੂੰ ਆਪਣੇ ਆਪ ਨੂੰ ਪਰਮੇਸ਼ੁਰ ਲਈ ਸਮਰਪਿਤ ਕਰਨਾ ਚਾਹੀਦਾ ਹੈ ਅਤੇ ਉਨ੍ਹਾਂ ਸਥਿੱਤੀਆਂ ਵਿੱਚ ਉਸ ਦੀ ਵਡਿਆਈ ਕਰਨੀ ਚਾਹੀਦੀ ਹੈ ਜਿਨ੍ਹਾਂ ਦੀ ਉਹ ਸਾਡੇ ਲਈ ਚੋਣ ਕਰਦਾ ਹੈ।
ਬਦਕਿਸਮਤੀ ਨਾਲ, ਬਹੁਤ ਸਾਰੀਆਂ ਥਾਵਾਂ ’ਤੇ ਕਲੀਸਿਯਾਵਾਂ ਨੇ ਬੇਔਲਾਦ ਹੋਣ ਦੇ ਮੁੱਦੇ ਨਾਲ ਨਜਿੱਠਣ ਵੇਲੇ ਪਰਮੇਸ਼ੁਰ ਦੇ ਬਚਨ ਨਾਲੋਂ ਆਪਣੇ ਸੱਭਿਆਚਾਰਾਂ ਦੀ ਜ਼ਿਆਦਾ ਪਾਲਣਾ ਕੀਤੀ ਹੈ।
ਇੱਕ ਪਾਸਟਰ ਨੂੰ ਆਪਣੇ ਲੋਕਾਂ ਨੂੰ ਸਿਖਾਉਣਾ ਚਾਹੀਦਾ ਹੈ ਕਿ ਉਹ ਬੇਔਲਾਦ ਹੋਣ ਨੂੰ ਬਾਈਬਲ ਦੇ ਨਜ਼ਰੀਏ ਤੋਂ ਵੇਖਣ, ਖਾਸ ਕਰਕੇ ਜਿਵੇਂ ਪਿਛਲੇ ਭਾਗ ਵਿੱਚ ਸੰਖੇਪ ਵਿੱਚ ਦੱਸਿਆ ਗਿਆ ਹੈ।
ਜੇਕਰ ਪਾਸਟਰ ਇੱਕ ਬੇਔਲਾਦ ਜੋੜੇ ਲਈ ਚਮਤਕਾਰ ਵਾਸਤੇ ਪ੍ਰਾਰਥਨਾ ਕਰ ਰਿਹਾ ਹੈ, ਤਾਂ ਉਸ ਨੂੰ ਵਿਸ਼ਵਾਸ ਦੀ ਜ਼ਿੰਮੇਵਾਰੀ ਪਤਨੀ ਜਾਂ ਪਤੀ 'ਤੇ ਨਹੀਂ ਪਾਉਣੀ ਚਾਹੀਦੀ। ਜਦੋਂ ਯਿਸੂ ਨੇ ਇੱਕ ਛੋਟੇ ਬੱਚੇ ਨੂੰ ਚੰਗਾ ਕੀਤਾ ਜਾਂ ਮੁਰਦਿਆਂ ਨੂੰ ਜੀਉਂਦਾ ਕੀਤਾ, ਤਾਂ ਚੰਗਾ ਕੀਤੇ ਗਏ ਜਾਂ ਜੀ ਉੱਠੇ ਵਿਅਕਤੀ ਨੇ ਆਪਣੇ ਚਮਤਕਾਰ ਲਈ ਵਿਸ਼ਵਾਸ ਨਹੀਂ ਕੀਤਾ ਸੀ। ਜੇਕਰ ਪਾਸਟਰ ਨੂੰ ਵਿਸ਼ਵਾਸ ਹੈ ਕਿ ਪਰਮੇਸ਼ੁਰ ਚਮਤਕਾਰ ਕਰਨਾ ਚਾਹੁੰਦਾ ਹੈ, ਤਾਂ ਪਾਸਟਰ ਨੂੰ ਵਿਸ਼ਵਾਸ ਹੋਣਾ ਚਾਹੀਦਾ ਹੈ ਅਤੇ ਵਿਸ਼ਵਾਸ ਦੀ ਘਾਟ ਲਈ ਪਤਨੀ ਜਾਂ ਪਤੀ ਨੂੰ ਦੋਸ਼ੀ ਨਹੀਂ ਠਹਿਰਾਉਣਾ ਚਾਹੀਦਾ।
ਰੋਮੀਆਂ 12:15 ਵਿੱਚ, ਸਾਨੂੰ ਰੋਣ ਵਾਲਿਆਂ ਨਾਲ ਰੋਣ ਲਈ ਆਖਿਆ ਗਿਆ ਹੈ। ਇੱਕ ਪਾਸਟਰ ਨੂੰ ਆਪਣੀ ਕਲੀਸਿਯਾ ਦੇ ਲੋਕਾਂ ਦੇ ਦੁੱਖ ਤੋਂ ਜਾਣੂ ਹੋਣਾ ਚਾਹੀਦਾ ਹੈ। ਉਸ ਨੂੰ ਉਨ੍ਹਾਂ ਲੋਕਾਂ ਨੂੰ ਉਤਸ਼ਾਹਿਤ ਕਰਨ ਅਤੇ ਦਿਲਾਸਾ ਦੇਣ ਲਈ ਪਹਿਲ ਕਰਨੀ ਚਾਹੀਦੀ ਹੈ ਜੋ ਬੇਔਲਾਦ ਹੋਣ ਜਾਂ ਬੱਚੇ ਦੇ ਗੁਆਚ ਜਾਣ ਕਾਰਣ ਸੋਗ ਕਰ ਰਹੇ ਹਨ। ਮਾਪੇ ਸੋਗ ਕਰਦੇ ਹਨ ਭਾਵੇਂ ਬੱਚਾ ਅਣਜੰਮਿਆ ਹੀ ਸੀ। ਯਾਦ ਰੱਖੋ ਕਿ ਪਤਨੀ ਅਤੇ ਪਤੀ ਦੋਵੇਂ ਦੁਖੀ ਹਨ, ਭਾਵੇਂ ਉਹ ਇਸ ਨੂੰ ਵੱਖੋ-ਵੱਖਰੇ ਤਰੀਕਿਆਂ ਨਾਲ ਵਿਖਾਉਂਦੇ ਹਨ। ਇੱਕ ਪਾਸਟਰ ਨੂੰ ਇਹ ਉਡੀਕ ਨਹੀਂ ਕਰਨੀ ਚਾਹੀਦੀ ਕਿ ਸੋਗ ਮਨਾਉਣ ਵਾਲੇ ਲੋਕ ਆਪ ਉਸ ਦੇ ਕੋਲ ਸਲਾਹ ਲੈਣ ਲਈ ਆਉਣ। ਇੱਕ ਪਾਸਟਰ ਨੂੰ ਆਪਣੀ ਕਲੀਸਿਯਾ ਨੂੰ ਇੱਕ ਦੂਸਰੇ ਦਾ ਹੌਸਲਾ ਵਧਾਉਣਾ ਅਤੇ ਸਾਥ ਦੇਣ ਬਾਰੇ ਸਿਖਾਉਣਾ ਚਾਹੀਦਾ ਹੈ।
ਪਾਸਟਰ ਨੂੰ ਕਲੀਸਿਯਾ ਦੀ ਰਿਸ਼ਤੇ ਬਣਾਉਣ ਅਤੇ ਬੇਔਲਾਦ ਬਜ਼ੁਰਗਾਂ ਦੀ ਦੇਖਭਾਲ ਕਰਨ ਵਿੱਚ ਅਗਵਾਈ ਕਰਨੀ ਚਾਹੀਦੀ ਹੈ। ਵਿਸ਼ਵਾਸ ਦੇ ਪਰਿਵਾਰ ਦੇ ਮੈਂਬਰਾਂ ਨੂੰ ਪਿਆਰ ਵਿਖਾ ਕੇ, ਇਕੱਠੇ ਸਮਾਂ ਬਿਤਾ ਕੇ ਅਤੇ ਵਿਹਾਰਕ ਜ਼ਰੂਰਤਾਂ ਵਿੱਚ ਮਦਦ ਕਰਕੇ, ਉਨ੍ਹਾਂ ਨਾਲ ਮਾਪਿਆਂ ਜਾਂ ਦਾਦਾ-ਦਾਦੀ ਵਾਂਗ ਪੇਸ਼ ਆਉਣਾ ਚਾਹੀਦਾ ਹੈ।
ਪਾਸਟਰ ਨੂੰ ਅਣਵਿਆਹੇ ਅਤੇ ਬੇਔਲਾਦ ਲੋਕਾਂ ਦੀ ਉਹ ਤਰੀਕੇ ਲੱਭਣ ਵਿੱਚ ਮਦਦ ਕਰਨ ਚਾਹੀਦੀ ਹੈ ਜਿਨ੍ਹਾਂ ਨਾਲ ਉਹ ਕਲੀਸਿਯਾ ਅਤੇ ਭਾਈਚਾਰੇ ਦੀ ਸੇਵਾ ਕਰ ਸਕਣ ਅਤੇ ਉਨ੍ਹਾਂ ਨੂੰ ਅਸੀਸ ਦੇ ਸਕਣ। ਪਾਸਟਰ ਨੂੰ ਵਿਸ਼ਵਾਸ ਦੇ ਪਰਿਵਾਰ ਵਿੱਚ ਹਰ ਵਿਅਕਤੀ ਦੀ ਮਹੱਤਤਾ ਦੀ ਪੁਸ਼ਟੀ ਕਰਨੀ ਚਾਹੀਦੀ ਹੈ।
► ਤੁਹਾਡੇ ਸੱਭਿਆਚਾਰ ਦੇ ਲੋਕ ਬੱਚਿਆਂ ਨੂੰ ਕਿਵੇਂ ਵੇਖਦੇ ਹਨ? ਉਹ ਬੇਔਲਾਦ ਹੋਣ ਨੂੰ ਕਿਵੇਂ ਵੇਖਦੇ ਹਨ?
► ਤੁਹਾਡੇ ਸੱਭਿਆਚਾਰ ਵਿੱਚ ਵਿਸ਼ਵਾਸੀ ਲੋਕ ਬੱਚਿਆਂ ਨੂੰ ਕਿਵੇਂ ਵੇਖਦੇ ਹਨ? ਤੁਹਾਡੇ ਸੱਭਿਆਚਾਰ ਵਿੱਚ ਵਿਸ਼ਵਾਸੀ ਲੋਕ ਬੇਔਲਾਦ ਹੋਣ ਨੂੰ ਕਿਵੇਂ ਵੇਖਦੇ ਹਨ?
► ਇਸ ਪਾਠ ਵਿੱਚ ਪੇਸ਼ ਕੀਤੇ ਗਏ ਵਚਨ ਦੇ ਸਿਧਾਂਤਾਂ ਦਾ ਅਧਿਐਨ ਕਰਕੇ ਬਾਂਝਪਣ ਬਾਰੇ ਤੁਹਾਡੀ ਸਮਝ ਕਿਵੇਂ ਬਦਲੀ ਹੈ ਜਾਂ ਇਸ ਨੂੰ ਕਿਵੇਂ ਚੁਣੌਤੀ ਦਿੱਤੀ ਗਈ ਹੈ?
► ਕੀ ਤੁਹਾਡੇ ਕਲੀਸਿਯਾ ਪਰਿਵਾਰ ਵਿੱਚ ਕੋਈ ਜੋੜਾ ਬਾਂਝਪਣ ਨਾਲ ਜੂਝ ਰਿਹਾ ਹੈ? ਜੇਕਰ ਅਜਿਹਾ ਹੈ, ਤਾਂ ਤੁਹਾਡੀ ਕਲੀਸਿਯਾ ਕਿਵੇਂ ਸਹਾਇਕ ਹੋ ਸਕਦੀ ਹੈ ਅਤੇ ਉਨ੍ਹਾਂ ਲਈ ਉਨ੍ਹਾਂ ਦੇ ਸੰਘਰਸ਼ਾਂ ਨੂੰ ਸਾਂਝਾ ਕਰਨ ਲਈ ਇੱਕ ਸੁਰੱਖਿਅਤ ਜਗ੍ਹਾ ਕਿਵੇਂ ਪ੍ਰਦਾਨ ਕਰ ਸਕਦਾ ਹੈ?
ਸਵਰਗੀ ਪਿਤਾ,
ਮਸੀਹੀ ਪਰਿਵਾਰਾਂ ਲਈ ਤੇਰਾ ਧੰਨਵਾਦ। ਉਨ੍ਹਾਂ ਪਤੀਆਂ ਅਤੇ ਪਤਨੀਆਂ ਲਈ ਧੰਨਵਾਦ ਜੋ ਤੇਰੇ ਲਈ ਜੀ ਰਹੇ ਹਨ, ਅਤੇ ਉਸ ਯੋਗਦਾਨ ਲਈ ਤੇਰਾ ਧੰਨਵਾਦ ਜੋ ਉਹ ਤੇਰੇ ਰਾਜ ਵਿੱਚ ਪਾਉਂਦੇ ਹਨ।
ਅਸੀਂ ਉਨ੍ਹਾਂ ਜੋੜਿਆਂ ਲਈ ਪ੍ਰਾਰਥਨਾ ਕਰਦੇ ਹਾਂ ਜੋ ਬਾਂਝਪਣ ਦਾ ਅਨੁਭਵ ਕਰ ਰਹੇ ਹਨ। ਅਸੀਂ ਪ੍ਰਾਰਥਨਾ ਕਰਦੇ ਹਾਂ ਕਿ ਤੂੰ ਉਨ੍ਹਾਂ ਦੇ ਦਿਲਾਂ ਨੂੰ ਦਿਲਾਸਾ ਦੇ ਅਤੇ ਉਨ੍ਹਾਂ ਨੂੰ ਉਤਸ਼ਾਹਿਤ ਕਰ। ਉਨ੍ਹਾਂ ਦੀ ਇਹ ਜਾਣਨ ਵਿੱਚ ਮਦਦ ਕਰ ਕਿ ਉਨ੍ਹਾਂ ਲਈ ਤੇਰਾ ਪਿਆਰ ਦ੍ਰਿੜ੍ਹ ਹੈ, ਭਾਵੇਂ ਉਹ ਬੱਚੇ ਪੈਦਾ ਕਰਨ ਵਿੱਚ ਅਸਮਰੱਥ ਹੋਣ।
ਜੇਕਰ ਤੇਰੀ ਇੱਛਾ ਹੈ ਕਿ ਉਹ ਜੈਵਿਕ ਬੱਚੇ ਪੈਦਾ ਕਰਨ, ਤਾਂ ਅਸੀਂ ਤੇਰੇ ’ਤੇ ਭਰੋਸਾ ਕਰਦੇ ਹਾਂ ਕਿ ਤੂੰ ਆਪਣੇ ਸਮੇਂ ਵਿੱਚ ਇਸ ਨੂੰ ਸੰਭਵ ਬਣਾਵੇਂਗਾ। ਭਾਵੇਂ ਤੂੰ ਉਨ੍ਹਾਂ ਨੂੰ ਆਪਣੇ ਬੱਚੇ ਦੇਵੇਂ ਜਾਂ ਨਾ ਦੇਵੇਂ, ਉਨ੍ਹਾਂ ਦੀ ਦੂਸਰਿਆਂ ਲਈ ਆਤਮਿਕ ਪਿਤਾ ਅਤੇ ਮਾਵਾਂ ਬਣਨ ਵਿੱਚ ਮਦਦ ਕਰ।
ਸਾਰੇ ਵਿਸ਼ਵਾਸੀਆਂ ਦੀ ਹਰੇਕ ਵਿਅਕਤੀ ਨੂੰ ਤੇਰੇ ਸਰੂਪ ਉੱਤੇ ਬਣਾਏ ਗਏ ਲੋਕਾਂ ਵਾਂਗ ਮਹੱਤਵ ਦੇਣ ਵਿੱਚ ਮਦਦ ਕਰ।
ਆਮੀਨ
(1) ਦੋ ਪੰਨਿਆਂ ਦਾ ਇੱਕ ਪੇਪਰ ਲਿਖੋ ਜਿਸ ਵਿੱਚ ਤੁਸੀਂ:
ਬੱਚਿਆਂ ਅਤੇ ਬਾਂਝਪਣ ਬਾਰੇ ਆਪਣੇ ਸਮਾਜ ਦੇ ਦ੍ਰਿਸ਼ਟੀਕੋਣਾਂ ਦਾ ਵਰਣਨ ਕਰੋ।
ਬੱਚਿਆਂ ਬਾਰੇ ਵਚਨ ਦੀ ਸਿੱਖਿਆ ਦੀ ਵਿਆਖਿਆ ਕਰੋ।
ਬਾਂਝਪਣ ਬਾਰੇ ਵਚਨ ਦੀ ਸਿੱਖਿਆ ਦੀ ਵਿਆਖਿਆ ਕਰੋ।
ਵਚਨ ਦੇ ਸਿਧਾਂਤਾਂ ਤੋਂ ਸਮਝਾਓ ਕਿ ਇੱਕ ਵਿਆਹੇ ਜੋੜੇ ਨੂੰ ਉਨ੍ਹਾਂ ਦੇ ਬਾਂਝਪਣ ਲਈ ਦੋਸ਼ੀ ਕਿਉਂ ਨਹੀਂ ਠਹਿਰਾਇਆ ਜਾਣਾ ਚਾਹੀਦਾ।
(2) ਬਾਂਝਪਣ ਨਾਲ ਜੂਝ ਰਹੇ ਲੋਕਾਂ ਨੂੰ ਉਤਸ਼ਾਹਿਤ ਕਰੋ।
ਵਿਕਲਪ 1: ਲਿਖਤੀ ਰੂਪ ਵਿੱਚ ਵਰਣਨ ਕਰੋ ਕਿ ਤੁਸੀਂ ਕਿਸੇ ਅਜਿਹੇ ਵਿਅਕਤੀ ਆਪਣੀ ਹਮਦਰਦੀ ਅਤੇ ਦੇਖਭਾਲ ਕਿਵੇਂ ਵਿਖਾ ਸਕਦੇ ਹੋ ਜਿਸ ਨੂੰ ਤੁਸੀਂ ਜਾਣਦੇ ਹੋ ਜੋ ਬਾਂਝਪਣ ਦੇ ਦੁੱਖ ਨਾਲ ਜੂਝ ਰਿਹਾ ਹੈ। ਕੁਝ ਚੀਜ਼ਾਂ ਦਾ ਨਾਮ ਲਿਖਣ ਵਿੱਚ ਖਾਸ ਰਹੋ ਜੋ ਤੁਸੀਂ ਕਰ ਸਕਦੇ ਹੋ ਜਾਂ ਆਖ ਸਕਦੇ ਹੋ, ਜੋ ਮਸੀਹ ਵਿੱਚ ਤੁਹਾਡੇ ਭਰਾ ਜਾਂ ਭੈਣ ਲਈ ਇੱਕ ਅਸੀਸ ਹੋਣਗੀਆਂ।
ਵਿਕਲਪ 2: ਕਿਸੇ ਅਜਿਹੇ ਵਿਅਕਤੀ ਲਈ ਉਤਸ਼ਾਹ ਦਾ ਇੱਕ ਛੋਟਾ ਨੋਟ ਲਿਖੋ ਜਿਸ ਨੂੰ ਤੁਸੀਂ ਜਾਣਦੇ ਹੋ ਕਿ ਉਹ ਬਾਂਝਪਣ ਦੇ ਦੁੱਖ ਨਾਲ ਜੂਝ ਰਿਹਾ ਹੈ। ਇਹ ਸਮਝਣ ਦੀ ਕੋਸ਼ਿਸ਼ ਕਰੋ ਕਿ ਉਹ ਕੀ ਅਨੁਭਵ ਕਰ ਰਹੇ ਹਨ। ਉਨ੍ਹਾਂ ਨੂੰ ਦੱਸੋ ਕਿ ਤੁਸੀਂ ਇਸ ਗੱਲ ਦੀ ਪਰਵਾਹ ਕਰਦੇ ਹੋ ਕਿ ਉਹ ਕਿਵੇਂ ਮਹਿਸੂਸ ਕਰ ਰਹੇ ਹਨ। ਉਨ੍ਹਾਂ ਨੂੰ ਦੱਸੋ ਕਿ ਤੁਸੀਂ ਉਨ੍ਹਾਂ ਲਈ ਪ੍ਰਾਰਥਨਾ ਕਰ ਰਹੇ ਹੋ। ਜਦੋਂ ਤੁਸੀਂ ਉਨ੍ਹਾਂ ਨੂੰ ਨੋਟ ਦਿੰਦੇ ਹੋ, ਤਾਂ ਉਨ੍ਹਾਂ ਨੂੰ ਸੁਣਨ ਲਈ ਉਪਲੱਬਧ ਰਹੋ ਜਾਂ ਢੁੱਕਵੇਂ ਤਰੀਕੇ ਨਾਲ ਲਈ ਲਈ ਆਪਣੀ ਦੇਖਭਾਲ ਵਿਖਾਓ।
ਪਾਠ 11 ਨੂੰ ਜਾਰੀ ਰੱਖਣ ਤੋਂ ਪਹਿਲਾਂ, ਕਲਾਸ ਨੂੰ ਅੰਤਿਕਾ B ਦਾ ਅਧਿਐਨ ਕਰਨਾ ਚਾਹੀਦਾ ਹੈ ਅਤੇ ਇਸ ’ਤੇ ਚਰਚਾ ਕਰਨੀ ਚਾਹੀਦੀ ਹੈ। ਇਹ ਜਨਮ ਨਿਯੰਤਰਣ ਬਾਰੇ ਇੱਕ ਸੰਖੇਪ ਚਰਚਾ ਹੈ ਜੋ ਵਿਆਹ ਅਤੇ ਪਰਿਵਾਰ ਨਾਲ ਸਬੰਧਤ ਇੱਕ ਮਹੱਤਵਪੂਰਣ ਵਿਸ਼ਾ ਹੈ।
SGC exists to equip rising Christian leaders around the world by providing free, high-quality theological resources. We gladly grant permission for you to print and distribute our courses under these simple guidelines:
All materials remain the copyrighted property of Shepherds Global Classroom. We simply ask that you honor the integrity of the content and mission.
Questions? Reach out to us anytime at info@shepherdsglobal.org
Total
$21.99By submitting your contact info, you agree to receive occasional email updates about this ministry.
Download audio files for offline listening
No audio files are available for this course yet.
Check back soon or visit our audio courses page.
Share this free course with others